ਬਠਿੰਡਾ (ਸਮਾਜਵੀਕਲੀ) – ਅੱਜ ਤੜਕੇ ਢਾਈ ਸੌ ਸ਼ਰਧਾਲੂਆਂ ਲਈ ਰਾਹਤ ਲੈ ਕੇ ਬਹੁੜੀ ਜਦ ਉਹ ਮਹੀਨੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨ ਨਾਲ ਤਖ਼ਤ ਹਜ਼ੂਰ ਸਾਹਿਬ ਨਾਂਦੇੜ ਤੋਂ ਚੱਲ ਕੇ ਪੰਜਾਬ ਵਿਚ ਪ੍ਰਵੇਸ਼ ਕੀਤੇ। ਇਹ ਸ਼ਰਧਾਲੂ ਮਾਰਚ ਮਹੀਨੇ ਮਹਾਰਾਸ਼ਟਰ ਸੂਬੇ ਵਿਚ ਸਥਿਤ ਅਬਚਲ ਨਗਰ ਨਾਂਦੇੜ ਵਿਖੇ ਗੁਰੂ ਘਰ ਗਏ ਸਨ ਪਰ ਅਚਾਨਕ ਹੋਏ ਲੌਕਡਾਊਨ ਕਾਰਨ ਉਥੇ ਹੀ ਰਹਿ ਗਏ ਸਨ।
ਇਸ ਕਾਫਲੇ ਵਿਚ ਸ਼ਾਮਲ 8 ਬੱਸਾਂ ਅੱਜ ਪੰਜਾਬ ਵਿਚ ਦਾਖਲ ਹੋਈਆਂ ਜਿਨ੍ਹਾਂ ਵਿਚੋਂ 7 ਬੱਸਾਂ ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਨਾਲ ਲਗਦੇ ਡੂਮਵਾਲੀ ਬਾਰਡਰ ਰਾਹੀਂ ਜਦ ਕਿ ਇਕ ਫਾਜਿ਼ਲਕਾ ਜ਼ਿਲ੍ਹੇ ਦੇ ਅਬੋਹਰ ਰਾਹੀਂ ਪੰਜਾਬ ਵਿਚ ਪਹੁੰਚੀ। ਬੱਸਾਂ ਵਿਚ ਬਠਿੰਡਾ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਲੰਧਰ, ਫਾਜ਼ਿਲਕਾ, ਸੰਗਰੂਰ, ਪਟਿਆਲਾ, ਮੋਗਾ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਦੇ ਸ਼ਰਧਾਲੂ ਵੀ ਸ਼ਾਮਿਲ ਸਨ।