ਵਿਸ਼ੇਸ਼ ਉਡਾਣ ਰਾਹੀਂ 264 ਬਰਤਾਨਵੀਂ ਰਵਾਨਾ

ਅੰਮ੍ਰਿਤਸਰ  (ਸਮਾਜਵੀਕਲੀ)  –ਕਰੋਨਾਵਾਇਰਸ ਮਹਾਮਾਰੀ ਕਾਰਨ ਕੀਤੀ ਤਾਲਾਬੰਦੀ ਦੌਰਾਨ ਭਾਰਤ ਵਿੱਚ ਫਸੇ ਯੂਕੇ ਦੇ ਬ੍ਰਿਟਿਸ਼ ਪੰਜਾਬੀ ਨਾਗਰਿਕਾਂ ਦੀ ਘਰ ਵਾਪਸੀ ਤਹਿਤ ਅੱਜ ਬ੍ਰਿਟਿਸ਼ ਏਅਰਵੇਜ਼ ਹਵਾਈ ਕੰਪਨੀ ਦੇ ਇਕ ਹਵਾਈ ਜਹਾਜ਼ ਰਾਹੀਂ ਇਥੋਂ ਲਗਪਗ 264 ਬ੍ਰਿਟਿਸ਼ ਪੰਜਾਬੀ ਯਾਤਰੂ ਯੂਕੇ ਲਈ ਰਵਾਨਾ ਹੋਏ।

ਅੱਜ ਬ੍ਰਿਟਿਸ਼ ਏਅਰਵੇਜ਼ ਹਵਾਈ ਕੰਪਨੀ ਦਾ ਇਕ ਜਹਾਜ਼ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਇਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ’ਤੇ ਪੁੱਜਿਆ। ਉਡਾਣ ਨੰਬਰ ਡੀਈਏ 9115 ਰਾਹੀਂ ਬਾਅਦ ਦੁਪਹਿਰ 264 ਬ੍ਰਿਟਿਸ਼ ਪੰਜਾਬੀ ਯਾਤਰੂ ਹੀਥਰੋ ਹਵਾਈ ਅੱਡੇ ਲਈ ਰਵਾਨਾ ਹੋਏ।

ਇਨ੍ਹਾਂ ਵਿੱਚ 25 ਯਾਤਰੀ ਭਾਰਤੀ ਪਾਸਪੋਰਟ ਵਾਲੇ ਸਨ, ਜਦੋਂਕਿ ਬਾਕੀ ਬ੍ਰਿਟਿਸ਼ ਪਾਸਪੋਰਟਧਾਰਕ ਸਨ। ਵਾਪਸ ਪਰਤੇ ਯਾਤਰੀਆਂ ਨੇ ਦੱਸਿਆ ਕਿ ਉਹ ਤਾਲਾਬੰਦੀ ਕਾਰਨ ਵਾਪਸ ਨਹੀਂ ਪਰਤ ਸਕੇ। ਇਕ ਯਾਤਰੂ ਨੇ ਦੱਸਿਆ ਕਿ ਉਸ ਨੇ ਮਾਰਚ ਮਹੀਨੇ ਦੇ ਆਖਰੀ ਦਿਨਾਂ ਦੀ ਵਾਪਸੀ ਟਿਕਟ ਲਈ ਸੀ ਪਰ ਹਵਾਈ ਆਵਾਜਾਈ ਬੰਦ ਹੋਣ ਕਾਰਨ ਉਹ ਵਾਪਸ ਨਹੀਂ ਜਾ ਸਕਿਆ ਸੀ।

ਦੱਸਣਯੋਗ ਹੈ ਕਿ ਬਰਤਾਨਵੀ ਸਫਾਰਤਖਾਨੇ ਵੱਲੋਂ ਇਥੇ ਰੁਕੇ ਹੋਏ ਆਪਣੇ ਬ੍ਰਿਟਿਸ਼ ਪੰਜਾਬੀ ਨਾਗਰਿਕਾਂ ਨੂੰ ਵਾਪਸ ਲੈ ਜਾਣ ਲਈ ਪਿਛਲੇ ਦਿਨਾਂ ਵਿੱਚ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਤਹਿਤ ਹੁਣ ਤੱਕ 6 ਤੋਂ 7 ਵਿਸ਼ੇਸ਼ ਉਡਾਣਾਂ ਸਥਾਨਕ ਹਵਾਈ ਅੱਡੇ ਤੋਂ ਲਗਪਗ 1500 ਤੋਂ ਵੱਧ ਬ੍ਰਿਟਿਸ਼ ਪੰਜਾਬੀ ਯਾਤਰੂਆਂ ਨੂੰ ਯੂਕੇ ਲਿਜਾ ਚੁੱਕੀਆਂ ਹਨ।

ਇਸ ਤੋਂ ਪਹਿਲਾਂ ਬੀਤੇ ਦਿਨੀ ਸ੍ਰੀ ਲੰਕਾ ਦੇ 101 ਨਾਗਰਿਕ ਵੀ ਇਥੋਂ ਵਿਸ਼ੇਸ਼ ਉਡਾਣ ਰਾਹੀਂ ਸ੍ਰੀਲੰਕਾ ਗਏ ਸਨ। ਇਸੇ ਤਰ੍ਹਾਂ ਮਲੇਸ਼ੀਆ ਵਾਸੀ ਵੀ ਇਥੋਂ ਵਿਸ਼ੇਸ਼ ਉਡਾਣ ਰਾਹੀਂ ਮਲੇਸ਼ੀਆ ਗਏ ਸਨ।

Previous articleਕਣਕ ਦੀ ਖ਼ਰੀਦ ਮੌਕੇ ਖੱਜਲ-ਖ਼ੁਆਰੀ ਖ਼ਿਲਾਫ਼ ਮੁਜ਼ਾਹਰੇ
Next articleਤਖ਼ਤ ਹਜ਼ੂਰ ਸਾਹਿਬ ਤੋਂ ਸੰਗਤਾਂ ਦਾ ਪਹਿਲਾ ਜੱਥਾ ਪਰਤਿਆ