ਪਠਾਨਕੋਟ, ਮੁਹਾਲੀ, ਲੁਧਿਆਣਾ ਅਤੇ ਜਲੰਧਰ ’ਚ ਮਿਲੇ ਕੇਸ;
ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 176 ਹੋਈ
ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿੱਚ ਅੱਜ ਸੂਬਾ ਕਾਡਰ ਦੇ ਇੱਕ ਪੁਲੀਸ ਅਫ਼ਸਰ ਸਮੇਤ ਕਰੋਨਾਵਾਇਰਸ ਤੋਂ ਪੀੜਤ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 176 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਅੱਜ ਜਲੰਧਰ ਤੇ ਪਠਾਨਕੋਟ ਵਿੱਚ 2-2, ਮੁਹਾਲੀ ਅਤੇ ਲੁਧਿਆਣਾ ਵਿੱਚ ਇੱਕ-ਇੱਕ ਮਾਮਲੇ ਮਿਲੇ ਹਨ। ਪੁਲੀਸ ਅਫ਼ਸਰ ਨੂੰ ਲਾਗ ਲੱਗਣ ਦਾ ਮਾਮਲਾ ਵੀ ਲੁਧਿਆਣਾ ਨਾਲ ਸਬੰਧਤ ਹੈ।
ਸਿਹਤ ਵਿਭਾਗ ਦਾ ਇਹ ਵੀ ਦਾਅਵਾ ਹੈ ਕਿ ਵੱਡੀ ਪੱਧਰ ’ਤੇ ਸੈਂਪਲਾਂ ਦੇ ਨਤੀਜੇ ਨੈਗੇਟਿਵ ਆਉਣ ਨਾਲ ਵੀ ਰਾਹਤ ਮਿਲ ਰਹੀ ਹੈ। ਹੁਣ ਤੱਕ 4480 ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 3858 ਨੈਗੇਟਿਵ ਆਏ ਹਨ ਅਤੇ 446 ਨਤੀਜਿਆਂ ਦੀ ਉਡੀਕ ਹੈ। ਪਾਜ਼ੇਟਿਵ ਮਾਮਲਿਆਂ ਵਿੱਚ ਭਾਵੇਂ ਕਈ ਮਰੀਜ਼ਾਂ ਨੂੰ ਲਾਗ ਲੱਗਣ ਦੇ ਸਰੋਤ ਦਾ ਪਤਾ ਨਹੀਂ ਲੱਗਾ ਫਿਰ ਵੀ ਜ਼ਿਆਦਾਤਰ ਮਾਮਲੇ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਕਾਰਨ ਹੀ ਸਾਹਮਣੇ ਆਏ ਹਨ।
ਪੰਜਾਬ ਦੇ 17 ਜ਼ਿਲ੍ਹਿਆਂ ਤੋਂ ਇਸ ਖਤਰਨਾਕ ਵਾਇਰਸ ਦੇ ਫੈਲਣ ਦੀਆਂ ਰਿਪੋਰਟਾਂ ਆ ਚੁੱਕੀਆਂ ਹਨ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਹਾਲ ਦੀ ਘੜੀ ਬਚਾਅ ਹੈ। ਮੁਹਾਲੀ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਪੀੜਤਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਣ ਮਗਰੋਂ ਅੱਜ ਉਥੇ ਜ਼ਰੂਰ ਕੁਝ ਠੱਲ੍ਹ ਪਈ ਹੈ। ਉਂਜ ਮੁਹਾਲੀ ਹਾਲ ਦੀ ਘੜੀ ਸੂਬੇ ਵਿੱਚ ਅਜਿਹਾ ਜ਼ਿਲ੍ਹਾ ਹੈ ਜਿੱਥੇ ਇਸ ਵਾਇਰਸ ਦੀ ਲਾਗ ਲੱਗਣ ਵਾਲੇ ਵਿਅਕਤੀਆਂ ਦੀ ਗਿਣਤੀ 54 ਤੱਕ ਪਹੁੰਚ ਗਈ ਹੈ।
ਇਸੇ ਤਰ੍ਹਾਂ ਜਲੰਧਰ ਵਿੱਚ ਵੀ ਅੱਜ ਦੋ ਨਵੇਂ ਮਰੀਜ਼ ਆਉਣ ਨਾਲ ਇਸ ਜ਼ਿਲ੍ਹੇ ਵਿੱਚ ਪੀੜਤਾਂ ਦੀ ਕੁੱਲ ਗਿਣਤੀ 24 ਹੋ ਗਈ ਹੈ। ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸਭ ਤੋਂ ਪਹਿਲਾਂ ਬਲਦੇਵ ਸਿੰਘ ਦੀ ਮੌਤ ਹੋਈ ਸੀ ਜਿਸ ਮਗਰੋਂ ਵੱਡੀ ਗਿਣਤੀ ’ਚ ਕਰੋਨਾ ਦੇ ਮਾਮਲੇ ਸਾਹਮਣੇ ਆਏ ਸਨ। ਸਿਹਤ ਵਿਭਾਗ ਮੁਤਾਬਕ ਪਿਛਲੇ ਇੱਕ ਹਫ਼ਤੇ ਤੋਂ ਇਸ ਜ਼ਿਲ੍ਹੇ ਵਿੱਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਬਲਕਿ ਜਿਹੜੇ 18 ਵਿਅਕਤੀ ਇਲਾਜ ਅਧੀਨ ਸਨ, ਉਨ੍ਹਾਂ ਵਿੱਚੋਂ ਵੀ 13 ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ।
ਸੂਬੇ ਵਿੱਚ ਕਰੋਨਾਵਾਇਰਸ ਨੂੰ ਮਾਤ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ 25 ਹੈ। ਦੇਖਿਆ ਜਾਵੇ ਤਾਂ ਪੰਜਾਬ ਵਿੱਚ ਕਰਫਿਊ ਦਾ 21ਵਾਂ ਦਿਨ ਹੈ ਅਤੇ ਪਿੰਡਾਂ-ਸ਼ਹਿਰਾਂ ਦੇ ਲੋਕਾਂ ਵੱਲੋਂ ਕੁਝ ਦਿਨ ਅਨੁਸ਼ਾਸਨਹੀਣਤਾ ਦਿਖਾਉਣ ਤੋਂ ਬਾਅਦ ਹੁਣ ਉਨ੍ਹਾਂ ਘਰਾਂ ਦੇ ਅੰਦਰ ਰਹਿਣ ’ਚ ਹੀ ਭਲਾਈ ਸਮਝ ਲਈ ਹੈ। ਅੱਜ ਵਿਸਾਖੀ ਵਾਲੇ ਦਿਨ ਵੀ ਲੋਕ ਘਰਾਂ ਦੇ ਅੰਦਰ ਹੀ ਰਹੇ। ਸਿਹਤ ਵਿਭਾਗ ਵੱਲੋਂ ਅਨਾਜ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।