ਜਨੇਵਾ (ਸਮਾਜਵੀਕਲੀ) – ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਕੀਤੀ ਨੁਕਤਾਚੀਨੀ ਤੋਂ ਇਕ ਦਿਨ ਮਗਰੋਂ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਅੱਜ ਕਿਹਾ ਕਿ ਇਕ ਦੂਜੇ ’ਤੇ ਦੋਸ਼ ਮੜ੍ਹਨ ਦੀ ਥਾਂ ਅਮਰੀਕਾ ਤੇ ਚੀਨ ਨੂੰ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਇਸ ਖ਼ਤਰਨਾਕ ਦੁਸ਼ਮਣ ਦਾ ਟਾਕਰਾ ਕਰਨ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਲੰਘੇ ਦਿਨ ਡਬਲਿਊਐੱਚਓ ਨੂੰ ‘ਚੀਨ ਪੱਖੀ’ ਦੱਸਦਿਆਂ ਸਿਹਤ ਸਰਗਰਮੀਆਂ ’ਤੇ ਨਜ਼ਰ ਰੱਖਣ ਵਾਲੀ ਇਸ ਆਲਮੀ ਏਜੰਸੀ ਨੂੰ ਅਮਰੀਕਾ ਤੋਂ ਮਿਲਦਾ ਵਿੱਤੀ ਫੰਡ ਰੋਕਣ ਦੀ ਧਮਕੀ ਦਿੱਤੀ ਸੀ। ਇਕ ਅਮਰੀਕੀ ਸੈਨੇਟਰ ਨੇ ਤਾਂ ਇਥੋਂ ਤਕ ਆਖ ਦਿੱਤਾ ਸੀ ਕਿ ਉਹ ਵਿਸ਼ਵ ਸਿਹਤ ਸੰਗਠਨ ਨੂੰ ਚੀਨ ਦੇ ਹੱਥਾਂ ਦੀ ‘ਸਿਆਸੀ ਕਠਪੁਤਲੀ’ ਨਹੀਂ ਬਣਨ ਦੇਣਗੇ।
ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬਰੇਆਸਿਸ ਨੇ ਅਮਰੀਕੀ ਸਦਰ ਵੱਲੋਂ ਆਲਮੀ ਸੰਸਥਾ ਦੇ ਪੇਈਚਿੰਗ ਨਾਲ ਗੂੜ੍ਹੀ ਸਾਂਝ ਹੋਣ ਦੇ ਲਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਟੈਡਰੋਸ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਇਕ ਦੂਜੇ ’ਤੇ ਦੋਸ਼ ਮੜ੍ਹਨ ਦੀ ਖੇਡ ਵਿਚ ਪੈਣ ਦੀ ਥਾਂ ਉਹ ਤੇ ਚੀਨ ਮਿਲ ਕੇ ਇਸ ਬਿਮਾਰੀ ਦਾ ਟਾਕਰਾ ਕਰਨ। ਉਨ੍ਹਾਂ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਡਬਲਿਊਐੱੱਚਓ ਵੱਲੋਂ ਕੀਤੇ ਯਤਨਾਂ ਦਾ ਠੋਕਵਾਂ ਬਚਾਅ ਕੀਤਾ।
ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਮਰੀਕਾ ਤੇ ਚੀਨ ਮਿਲ ਕੇ ਇਸ ਖ਼ਤਰਨਾਕ ਦੁਸ਼ਮਣ ਦਾ ਸਾਹਮਣਾ ਕਰਨ। ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਦਾ ਇਕੋ ਨਿਸ਼ਾਨਾ ਆਪਣੇ ਲੋਕਾਂ ਨੂੰ ਬਚਾਉਣ ਦਾ ਹੋਣਾ ਚਾਹੀਦਾ ਹੈ। ਕ੍ਰਿਪਾ ਕਰਕੇ ਇਸ ਵਾਇਰਸ ਦਾ ਸਿਆਸੀਕਰਨ ਨਾ ਕੀਤਾ ਜਾਵੇ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਮ੍ਰਿਤਕ ਦੇਹਾਂ ਨੂੰ ਸੰਭਾਲਣ ਲਈ ਹੋਰ ਬੈਗਾਂ ਦੀ ਲੋੜ ਨਾ ਪਏ, ਤਾਂ ਤੁਸੀਂ ਇਸ ਦੇ ਸਿਆਸੀਕਰਨ ਤੋਂ ਬਚੋ। ਇਹ ਅੱਗ ਨਾਲ ਖੇਡਣ ਵਾਂਗ ਹੈ।’