* ਸੂਬੇ ਅੰਦਰ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 11 ਹੋਇਆ
* 24 ਘੰਟੇ ਅੰਦਰ 24 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਕਰੋਨਾ ਪੀੜਤਾਂ ਦੀ ਗਿਣਤੀ 130 ਹੋਈ
ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿੱਚ ਤਿੰਨ ਹੋਰ ਵਿਅਕਤੀਆਂ ਦੀ ਮੌਤ ਕਰੋਨਾਵਾਇਰਸ ਨਾਲ ਹੋਣ ਦੀ ਪੁਸ਼ਟੀ ਹੋਣ ਮਗਰੋਂ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਦੂਜੇ ਪਾਸੇ ਪਿਛਲੇ 24 ਘੰਟਿਆਂ ਅੰਦਰ ਕਰੋਨਾਵਾਇਰਸ ਦੇ 24 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ ਵਿੱਚ ਕਰੋਨਾ ਪੀੜਤਾਂ ਦਾ ਅੰਕੜਾ 130 ਤੱਕ ਪੁੱਜ ਗਿਆ ਹੈ। ਇਸੇ ਦਰਮਿਆਨ ਹੁਣ ਤੱਕ 18 ਕਰੋਨਹ ਪੀੜਤ ਵਿਅਕਤੀ ਠੀਕ ਵੀ ਹੋਏ ਹਨ।
ਸਿਹਤ ਵਿਭਾਗ ਵੱਲੋਂ ਰੋਪੜ ਜ਼ਿਲ੍ਹੇ ਦੇ ਇੱਕ ਵਿਅਕਤੀ ਦੀ ਕਰੋਨਾਵਾਇਰਸ ਨਾਲ ਮੌਤ ਹੋਣ ਦਾ ਖੁਲਾਸਾ ਅੱਜ ਕੀਤਾ ਗਿਆ ਹੈ। ਇਸ ਵਿਅਕਤੀ ਦੀ ਲੰਘੀ ਰਾਤ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ ਸੀ। ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਇੱਕ ਮਹਿਲਾ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਸ ਦੀ ਰਿਪੋਰਟ ਵੀ ਅੱਜ ਆਈ ਹੈ। ਇਸੇ ਤਰ੍ਹਾਂ ਜਲੰਧਰ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਇਹ ਵਾਇਰਸ ਸੂਬੇ ਵਿੱਚ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ ਤੇ ਹੁਣ ਤੱਕ 17 ਜ਼ਿਲ੍ਹਿਆਂ ’ਚ 130 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਸ੍ਰੀ ਮੁਕਤਸਰ ਸਾਹਿਬ ਅਤੇ ਸੰਗਰੂਰ ਵਿੱਚ ਤਬਲੀਗੀ ਜਮਾਤ ਨਾਲ ਸਬੰਧਤ ਇੱਕ-ਇੱਕ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਇਹ ਜ਼ਿਲ੍ਹੇ ਵੀ ਕਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸ਼ਾਮਲ ਹੋ ਗਏ ਹਨ।
ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਐੱਸਏਐੱਸ ਨਗਰ (ਮੁਹਾਲੀ) ਜ਼ਿਲ੍ਹਾ ਪੂਰੇ ਸੂਬੇ ’ਚ ਕਰੋਨਾਵਾਇਰਸ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਸ ਜ਼ਿਲ੍ਹੇ ’ਚ ਸਭ ਤੋਂ ਜ਼ਿਆਦਾ ਵਿਅਕਤੀਆਂ ਵਿੱਚ ਕਰੋਨਾ ਦੇ ਲੱਛਣ ਪਾਏ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 7 ਨਵੇਂ ਮਰੀਜ਼ ਸਾਹਮਣੇ ਆਉਣ ਮਗਰੋਂ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 37 ਤੱਕ ਅੱਪੜ ਗਈ ਹੈ। ਇਸੇ ਤਰ੍ਹਾਂ ਮਾਲਵਾ ਦੇ ਮਾਨਸਾ ਜ਼ਿਲ੍ਹੇ ਵਿੱਚ ਵੀ ਅੱਜ 6 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਜ਼ਿਲ੍ਹੇ ਵਿੱਚ ਕੁੱਲ 11 ਪ੍ਰਭਾਵਿਤ ਵਿਅਕਤੀ ਹਨ।
ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ) ’ਚ 7, ਲੁਧਿਆਣਾ ’ਚ 4, ਮਾਨਸਾ ’ਚ 6, ਸ੍ਰੀ ਮੁਕਤਸਰ ਸਾਹਿਬ ’ਚ 1, ਸੰਗਰੂਰ ’ਚ 1, ਜਲੰਧਰ ’ਚ 4 ਅਤੇ ਬਰਨਾਲਾ ’ਚ 1 ਕੇਸ ਸਾਹਮਣੇ ਆਉਣ ਨਾਲ ਪੂਰੇ ਸੂਬੇ ’ਚ ਕੁੱਲ 24 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦਰਮਿਆਨ ਤਸੱਲੀ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ 18 ਮਰੀਜ਼ ਠੀਕ ਹੋ ਕੇ ਆਪਣੇ ਘਰੀਂ ਪਰਤ ਚੁੱਕੇ ਹਨ। ਨਵਾਂਸ਼ਹਿਰ ’ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਬਲਕਿ ਪਹਿਲਾਂ ਤੋਂ ਹੀ ਪੀੜਤ ਵਿਅਕਤੀਆਂ ’ਚੋਂ ਕਈ ਸਿਹਤਯਾਬ ਹੋ ਗਏ ਹਨ।