ਮਹਾਰਾਸ਼ਟਰ (ਸਮਾਜ ਵੀਕਲੀ)- ਮਹਾਰਾਸ਼ਟਰ ਦੇ ਸਾਂਗਲੀ ’ਚ ਇਕ ਪਰਿਵਾਰ ਦੇ 25 ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਹੋ ਗਏ ਹਨ। ਇਹ ਵਿਅਕਤੀ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਨੇੜੇ-ਤੇੜੇ ਹੀ ਰਹਿੰਦੇ ਸਨ। ਅਧਿਕਾਰੀਆਂ ਮੁਤਾਬਕ ਇਸ ਕਾਰਨ ਉਨ੍ਹਾਂ ’ਚ ਵਾਇਰਸ ਫੈਲਿਆ ਅਤੇ ਉਹ ਬਿਮਾਰ ਪੈ ਗਏ।
ਸਾਊਦੀ ਅਰਬ ਤੋਂ ਪਰਤੇ ਪਰਿਵਾਰ ਦੇ ਚਾਰ ਜੀਆਂ ਦੇ ਟੈਸਟ 23 ਮਾਰਚ ਨੂੰ ਪਾਜ਼ੇਟਿਵ ਆਏ ਸਨ। ਇਕ ਹਫ਼ਤੇ ਦੇ ਅੰਦਰ ਹੀ ਦੋ ਸਾਲ ਦੇ ਬੱਚੇ ਸਮੇਤ ਪਰਿਵਾਰ ਦੇ 21 ਹੋਰ ਮੈਂਬਰਾਂ ਨੂੰ ਕਰੋਨਾਵਾਇਰਸ ਹੋ ਗਿਆ। ਉਂਜ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਜੇ ਤਕ ‘ਸਮੂਹ ’ਚ ਸੰਚਾਰ’ (ਕਮਿਊਨਿਟੀ ਟਰਾਂਸਮਿਸ਼ਨ) ਦਾ ਕੋਈ ਕੇਸ ਨਹੀਂ ਮਿਲਿਆ ਹੈ ਕਿਉਂਕਿ ਸਿਰਫ਼ ਜਾਣ-ਪਛਾਣ ਵਾਲਿਆਂ ਨੂੰ ਹੀ ਵਾਇਰਸ ਹੋਇਆ ਹੈ। ਪਰਿਵਾਰ ਦੇ ਕੁੱਲ 47 ਜੀਆਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ’ਚੋਂ 25 ਦੇ ਟੈਸਟ ਪਾਜ਼ੇਟਿਵ ਮਿਲੇ। ਪਰਿਵਾਰ ਦੇ ਸੰਪਰਕ ’ਚ ਆਏ ਬਾਹਰਲੇ 325 ਵਿਅਕਤੀਆਂ ਦਾ ਪਤਾ ਵੀ ਲਾ ਲਿਆ ਗਿਆ ਹੈ। ਉਨ੍ਹਾਂ ਨੂੰ ਘਰਾਂ ’ਚ ਇਕਾਂਤਵਾਸ ’ਚ ਰੱਖਿਆ ਗਿਆ ਹੈ ਅਤੇ ਮੈਡੀਕਲ ਟੀਮ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੈ। ਕੁਲੈਕਟਰ ਅਭਿਜੀਤ ਚੌਧਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਹ 25 ਮਰੀਜ਼ ਇਸਲਾਮੁਪਰ ਤਹਿਸੀਲ ’ਚ ਭੀੜ-ਭੜੱਕੇ ਵਾਲੀ ਆਬਾਦੀ ’ਚ ਰਹਿੰਦੇ ਸਨ। ਵੱਡਾ ਪਰਿਵਾਰ ਹੋਣ ਕਰਕੇ ਮੇਲ-ਜੋਲ ਵੱਧ ਸੀ ਜਿਸ ਕਾਰਨ ਉਨ੍ਹਾਂ ’ਚ ਤੇਜ਼ੀ ਨਾਲ ਕਰੋਨਾ ਫੈਲਿਆ। ਜ਼ਿਲ੍ਹਾ ਸਿਵਲ ਸਰਜਨ ਸੀ ਐੱਸ ਸਾਲੁੰਕੇ ਨੇ ਕਿਹਾ ਕਿ ਪਰਿਵਾਰ ਦੇ ਜੀਅ 24 ਘੰਟੇ ਇਕ-ਦੂਜੇ ਦੇ ਸੰਪਰਕ ’ਚ ਸਨ ਜਿਸ ਕਾਰਨ ਵਾਇਰਸ ਤੋਂ ਕੋਈ ਵੀ ਨਹੀਂ ਬਚ ਸਕਿਆ। ਉਨ੍ਹਾਂ ਕਿਹਾ ਕਿ ਪਰਿਵਾਰ ਤੋਂ ਬਾਹਰਲੇ ਵਿਅਕਤੀਆਂ ਦਾ ਵਾਇਰਸ ਤੋਂ ਬਚਾਅ ਰਿਹਾ ਹੈ ਜਿਸ ਕਾਰਨ ਸਮੂਹ ’ਚ ਸੰਚਾਰ ਦੀ ਕੋਈ ਸੂਚਨਾ ਨਹੀਂ ਹੈ।