ਗੁੜਗਾਉਂ ’ਚ ਪੈਦਲ ਜਾ ਰਹੇ ਪੰਜ ਪਰਵਾਸੀ ਮਜ਼ਦੂਰਾਂ ’ਤੇ ਚੜ੍ਹਿਆ ਕੈਂਟਰ

ਗੁੜਗਾਉਂ- ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸਵੇਅ ’ਤੇ ਵਾਪਰੇ ਹਾਦਸੇ ’ਚ ਪੈਦਲ ਜਾ ਰਹੇ ਪੰਜ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਉਹ ਲੌਕਡਾਊਨ ਹੋਣ ਤੋਂ ਬਾਅਦ ਐਕਸਪ੍ਰੈੱਸਵੇਅ ’ਤੇ ਪੈਦਲ ਹੀ ਆਪਣੇ ਟਿਕਾਣਿਆਂ ਵੱਲ ਜਾ ਰਹੇ ਸਨ। ਹਾਦਸਾ ਬਿਲਾਸਪੁਰ ਟੌਲ ਪਲਾਜ਼ਾ ਨੇੜੇ ਵਾਪਰਿਆ। ਪੁਲੀਸ ਨੇ ਮੌਕੇ ਤੋਂ ਵਾਹਨ ਨੂੰ ਜ਼ਬਤ ਕਰਕੇ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤੀਆਂ ਹਨ। ਮ੍ਰਿਤਕਾਂ ’ਚ ਤਿੰਨ ਪੁਰਸ਼, ਇਕ ਔਰਤ ਅਤੇ ਇਕ ਬੱਚਾ ਸ਼ਾਮਲ ਹਨ। ਮਾਨੇਸਰ ਦੇ ਡੀਸੀਪੀ ਦੀਪਕ ਸਹਾਰਨ ਨੇ ਕਿਹਾ ਕਿ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।

ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਨਿਚਰਵਾਰ ਦੇਰ ਰਾਤ ਸਵਾ 12 ਵਜੇ ਦੇ ਕਰੀਬ ਪਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਟਿਕਾਣਿਆਂ ਵੱਲ ਜਾ ਰਹੇ ਸਨ। ਜਦੋਂ ਉਹ ਬਿਲਾਸਪੁਰ ਟੌਲ ਪਲਾਜ਼ਾ ਕੋਲ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰਦਿਆਂ ਦਰੜ ਦਿੱਤਾ। ਕੈਂਟਰ ਦੇ ਤੇਜ਼ ਰਫ਼ਤਾਰ ਅਤੇ ਐਕਸਪ੍ਰੈੱਸਵੇਅ ’ਤੇ ਹਨੇਰਾ ਹੋਣ ਕਾਰਨ ਹਾਦਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਕਰੀਬ 15 ਤੋਂ 20 ਪਰਵਾਸੀ ਇਕੱਠੇ ਹੋ ਕੇ ਪੈਦਲ ਆਪਣੇ ਘਰਾਂ ਨੂੰ ਜਾ ਰਹੇ ਸਨ ਜਿਨ੍ਹਾਂ ’ਚੋਂ ਕਈ ਜ਼ਖ਼ਮੀ ਹੋ ਗਏ ਹਨ। ਬਿਲਾਸਪੁਰ ਥਾਣਾ ਪੁਲੀਸ ਮੁਤਾਬਕ ਯੂਪੀ ਦੇ ਨੰਬਰ ਵਾਲੇ ਕੈਂਟਰ ਨੂੰ ਜ਼ਬਤ ਕਰ ਲਿਆ ਗਿਆ ਹੈ। ਸਾਰੇ ਮ੍ਰਿਤਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ

Previous articleਕਰਫਿਊ: ਸਨਅਤਕਾਰਾਂ ਨੇ ਸਰਕਾਰ ਦੇ ਫੈਕਟਰੀਆਂ ਖੋਲ੍ਹਣ ਦੇ ਹੁਕਮ ਨਕਾਰੇ
Next articleCrowds at banks to collect pension, Minister mulls other ways