ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪੀੜਤ ਹਰਭਜਨ ਸਿੰਘ (72) ਸਿੰਘ ਦੀ ਅੱਜ ਮੌਤ ਹੋ ਗਈ। ਇਹ ਬਜ਼ੁਰਗ ਨਵਾਂ ਸ਼ਹਿਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਪਠਲਾਵਾ ਪਿੰਡ ਦੇ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਸ ਵਾਇਰਸ ਤੋਂ ਪੀੜਤ ਹੋਇਆ ਸੀ। ਸਿਹਤ ਵਿਭਾਗ ਨੇ ਇਸ ਬਜ਼ੁਰਗ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕਰੋਨਾਵਾਰਿਸ ਕਾਰਨ ਪੰਜਾਬ ਵਿੱਚ ਹੋਈ ਇਹ ਦੂਜੀ ਮੌਤ ਹੈ। ਇਸੇ ਦੌਰਾਨ ਇਸ ਖ਼ਤਰਨਾਕ ਵਾਇਰਸ ਨੇ ਪਟਿਆਲਾ ਜ਼ਿਲ੍ਹੇ ’ਚ ਵੀ ਦਸਤਕ ਦੇ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਾਮਨਗਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਤਿੰਨ ਦਿਨ ਪਹਿਲਾਂ ਹੀ ਅੰਬਾਲਾ ਦੇ ਹਸਪਤਾਲ ਵਿੱਚ ਦਾਖ਼ਲ ਹੋਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਮਨਗਰ ਅਤੇ ਆਸ-ਪਾਸ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਲੋਕਾਂ ਦੇ ਪਿੰਡ ’ਚ ਆਉਣ-ਜਾਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤਰ੍ਹਾਂ ਪੰਜਾਬ ਵਿੱਚ ਇਸ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਕੇ 39 ਤੱਕ ਪਹੁੰਚ ਗਈ ਹੈ। ਉਸ ਦੇ ਥੁੱਕ ਦੇ ਨਮੂਨਿਆਂ ਵਿੱਚ ਕਰੋਨਾਵਾਇਰਸ ਦੇ ਲੱਛਣ ਮਿਲੇ ਹਨ। ਮਹੱਤਵਪੂਰਨ ਤੱਥ ਇਹ ਹੈ ਕਿ ਪੰਜਾਬ ਦੇ ਸਿਹਤ ਵਿਭਾਗ ਨੇ ਇਸ ਮਰੀਜ਼ ਦੀ ਗਿਣਤੀ ਸੂਬੇ ਦੇ ਮਰੀਜ਼ਾਂ ਵਿੱਚ ਨਹੀਂ ਕੀਤੀ ਹੈ। ਗੁਰਪ੍ਰੀਤ ਸਿੰਘ ਦਾ ਇਲਾਜ ਅੰਬਾਲਾ ਦੇ ਹਸਪਤਾਲ ਵਿੱਚ ਚੱਲ ਰਿਹਾ ਹੋਣ ਕਰਕੇ ਉਸ ਨੂੰ ਹਰਿਆਣਾ ਦੇ ਮਰੀਜ਼ਾਂ ਵਿੱਚ ਹੀ ਗਿਣਿਆ ਗਿਆ ਹੈ। ਉਂਜ ਪੰਜਾਬ ਨੇ 38 ਮਰੀਜ਼ ਹੋਣ ਦਾ ਹੀ ਦਾਅਵਾ ਕੀਤਾ ਹੈ। ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਸਬੰਧਤ 14 ਮੈਂਬਰਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਇੱਕ ਵਾਰਡ ਵਿੱਚ ਅਲਹਿਦਾ ਭਰਤੀ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ 29 ਵਿਅਕਤੀਆਂ ਦੇ ਨਮੂਨੇ ਲਏ ਗਏ ਹਨ। ਵਿਭਾਗ ਵੱਲੋਂ ਸੂਬੇ ਵਿੱਚ 10 ਹਜ਼ਾਰ ਦੇ ਕਰੀਬ ਵਿਅਕਤੀਆਂ ਨੂੰ ਘਰਾਂ ਅੰਦਰ ਹੀ ‘ਇਕਾਂਤ’ ’ਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। 47 ਸ਼ੱਕੀ ਮਰੀਜ਼ਾਂ ਨੂੰ ਵੱਖਰੇ ਤੌਰ ’ਤੇ ਰੱਖਿਆ ਗਿਆ ਹੈ ਅਤੇ 100 ਦੇ ਕਰੀਬ ਵਿਅਕਤੀਆਂ, ਜੋ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਸਨ ਜਾਂ ਮੁੱਢਲੇ ਲੱਛਣ ਦਿਖਾਈ ਦਿੱਤੇ ਸਨ, ਨੂੰ ਹਸਪਤਾਲਾਂ ਵਿੱਚ ਅਲਹਿਦਾ ਵਾਰਡਾਂ ਵਿੱਚ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਪੰਜਾਬ ਵਿੱਚ ਹੁਣ ਤੱਕ 977 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 749 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਵਿਭਾਗ ਨੂੰ 190 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਹੈ। ਇਹ ਨਤੀਜੇ ਭਲਕ ਤੱਕ ਆਉਣ ਦੀ ਸੰਭਾਵਨਾ ਹੈ।
ਸਿਹਤ ਵਿਭਾਗ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਰੋਜ਼ਾਨਾ ਮਰੀਜ਼ਾਂ ਨੂੰ ਚੈੱਕ ਕਰਨ ਅਤੇ ਦਵਾਈ-ਬੂਟੀ ਲੈਣ ਲਈ ਓਪੀਡੀ ਸ਼ੁਰੂ ਕਰਾਉਣ ਵਾਸਤੇ ਇੰਡੀਐਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਨੁਮਾਇੰਦਿਆਂ ਨਾਲ ਭਲਕੇ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ।
ਪੰਜਾਬ ਸਿਹਤ ਨਿਗਮ ਦੇ ਐੱਮਡੀ ਮਨਵੇਸ਼ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ 10 ਲੱਖ ਮਰੀਜ਼ ਰੁਟੀਨ ਦੀ ਦਵਾਈ-ਬੂਟੀ ਲੈਣ ਆਉਂਦਾ ਹੈ ਅਤੇ ਇੱਕ ਅੰਦਾਜ਼ੇ ਮੁਤਾਬਕ ਏਨਾ ਹੀ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਇਲਾਜ ਕਰਾਉਣ ਜਾਂਦਾ ਹੈ। ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਓਪੀਡੀ ਬੰਦ ਕੀਤੇ ਜਾਣ ਕਾਰਨ ਛੋਟੀ-ਮੋਟੀ ਬਿਮਾਰੀ ਦਾ ਇਲਾਜ ਕਰਾਉਣ ਵਾਲੇ ਵਿਅਕਤੀਆਂ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਖੁੱਲ੍ਹਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ‘ਕਰੋਨਾਵਾਇਰਸ’ ਤੋਂ ਡਰਦਿਆਂ ਚੁੱਪ-ਚੁਪੀਤੇ ਹੀ ਓਪੀਡੀ ਬੰਦ ਕਰ ਦਿੱਤੀ ਸੀ।
HOME ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਦੂਜੀ ਮੌਤ