ਪੰਜਾਬ ’ਚ ਕਰੋਨਾ ਸੰਕਟ ਨਾਲ ਨਜਿੱਠਣ ਲਈ ਚਾਰ ਕਮੇਟੀਆਂ ਕਾਇਮ

ਕਰੋਨਾਵਾਇਰਸ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਅਤੇ ਸੂਬੇ ਦੀ ਕਿਸਾਨੀ ਅਤੇ ਹੋਰ ਮਾਮਲਿਆਂ ਨੂੰ ਹੱਲ ਕਰਨ ਲਈ ਕੈਪਟਨ ਸਰਕਾਰ ਨੇ ਚਾਰ ਉੱਚ ਪੱਧਰੀ ਕਮੇਟੀਆਂ ਗਠਿਤ ਕੀਤੀਆਂ ਹਨ ਜਿਹੜੀਆਂ ਕੋਵਿਡ-19 ਦੇ ਹਰ ਪਹਿਲੂ ਦਾ ਖਿਆਲ ਰੱਖਣਗੀਆਂ। ਇਨ੍ਹਾਂ ਕਮੇਟੀਆਂ ਵਿਚ ਸਿਹਤ ਵਿਭਾਗ ਤੇ ਖ਼ਰੀਦੋ-ਫਰੋਖ਼ਤ, ਲੌਕਡਾਊਨ ਦਾ ਅਮਲ, ਮੀਡੀਆ ਤੇ ਸੰਚਾਰ ਅਤੇ ਖੇਤੀਬਾੜੀ ਤੇ ਖੁਰਾਕ ਬਾਰੇ ਕਮੇਟੀਆਂ ਸ਼ਾਮਲ ਹਨ। ਇਹ ਕਮੇਟੀਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕਰੋਨਾ ਵਾਇਰਸ ਦੀ ਰੋਕਥਾਮ ਦੇ ਵੱਖ-ਵੱਖ ਪਹਿਲੂਆਂ ਨਾਲ ਨਜਿੱਠਣ ਸਬੰਧੀ ਤੁਰੰਤ ਫ਼ੈਸਲੇ ਲੈਣਗੀਆਂ। ਇਹ ਸੂਬਾਈ ਕੋਵਿਡ-19 ਪ੍ਰਬੰਧਨ ਗਰੁੱਪ ਨੂੰ ਰਿਪੋਰਟ ਕਰਨਗੀਆਂ। ਕਮੇਟੀਆਂ ਸਮੇਂ-ਸਮੇਂ ’ਤੇ ਮੀਟਿੰਗਾਂ ਕਰਨਗੀਆਂ ਤੇ ਮੁੱਖ ਸਕੱਤਰ ਦੀ ਅਗਵਾਈ ਵਿੱਚ ਬਣੇ ਕੋਵਿਡ-19 ਪ੍ਰਬੰਧਨ ਗਰੁੱਪ ਨੂੰ ਰਿਪੋਰਟ ਦੇਣਗੀਆਂ।
ਸਿਹਤ ਵਿਭਾਗ ਅਤੇ ਦਵਾਈਆਂ ਦੀ ਖ਼ਰੀਦੋ-ਫਰੋਖਤ ਬਾਰੇ ਕਮੇਟੀ ਦੀ ਚੇਅਰਪਰਸਨ ਵਧੀਕ ਮੁੱਖ ਸਕੱਤਰ (ਪ੍ਰਸ਼ਾਸਕੀ ਸੁਧਾਰ) ਹੋਣਗੇ ਅਤੇ ਪ੍ਰਮੁੱਖ ਵਿੱਤ ਸਕੱਤਰ (ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ), ਵਿਸ਼ੇਸ਼ ਸਕੱਤਰ (ਪ੍ਰਸ਼ਾਸਕੀ ਸੁਧਾਰਾਂ) ਮੈਂਬਰ ਹੋਣਗੇ ਜਦਕਿ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਤੇ ਐਨ.ਐਚ.ਐਮ. ਦੇ ਐਮਡੀ ਇਸ ਕਮੇਟੀ ਦੇ ਕਨਵੀਨਰ ਹੋਣਗੇ। ਇਸ ਤੋਂ ਇਲਾਵਾ ਡਾ. ਕੇ.ਕੇ ਤਲਵਾੜ ਅਤੇ ਡਾ. ਰਾਜ ਬਹਾਦੁਰ ਕਮੇਟੀ ਦੇ ਸਲਾਹਕਾਰ ਹੋਣਗੇ ਜੋ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗਾਂ ਦੇ ਕਰਮਚਾਰੀਆਂ, ਸਮੱਗਰੀ ਅਤੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ, ਵਾਇਰਸ ਦੀ ਰੋਕਥਾਮ ਲਈ ਮੁਲਾਂਕਣ ਅਤੇ ਸਮੀਖਿਆ ਕਰਨਗੇ ਅਤੇ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਉਣਗੇ। ਇਸੇ ਤਰਾਂ ਲੌਕਡਾਊਨ ਦੇ ਅਮਲ ਲਈ ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਡੀ.ਜੀ.ਪੀ, ਪ੍ਰਮੁੱਖ ਸਕੱਤਰ- ਖੁਰਾਕ ਤੇ ਸਿਵਲ ਸਪਲਾਈਜ਼ ਤੇ ਟਰਾਂਸਪੋਰਟ ਨੂੰ ਮੈਂਬਰ ਬਣਾਇਆ ਗਿਆ ਹੈ ਅਤੇ ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਇਸ ਦੇ ਕਨਵੀਨਰ ਹੋਣਗੇ। ਕਮੇਟੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਅਮਲ ਨਾਲ ਜੁੜੇ ਪ੍ਰਬੰਧਾਂ ਦੀ ਸਮੀਖਿਆ ਕਰੇਗੀ ਅਤੇ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਉਠਾਏਗੀ।
ਮੀਡੀਆ ਅਤੇ ਸੰਚਾਰ ਬਾਰੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ। ਸੰਯੁਕਤ ਵਿਕਾਸ ਕਮਿਸ਼ਨਰ (ਆਈ.ਆਰ.ਡੀ.), ਡਾਇਰੈਕਟਰ ਸਿਹਤ ਸੇਵਾਵਾਂ ਇਸ ਦੇ ਮੈਂਬਰ ਹੋਣਗੇ ਜਦਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਇਸ ਕਮੇਟੀ ਦੇ ਕਨਵੀਨਰ ਹੋਣਗੇ। ਇਹ ਕਮੇਟੀ ਸੋਸ਼ਲ, ਪ੍ਰਿੰਟ ਅਤੇ ਇਲੈਕਟ੍ਰਾਨਿਕ ਸਮੇਤ ਸਾਰੇ ਮੀਡੀਆ ਅਦਾਰਿਆਂ ਲਈ ਸੂਬੇ ਵਿੱਚ ਕੋਵਿਡ-19 ਦੇ ਪ੍ਰਬੰਧਨ ਰੋਕਥਾਮ ਸਬੰਧੀ ਜਾਣਕਾਰੀ ਇਕੱਤਰ ਕਰਨ ਅਤੇ ਇਸ ਦੇ ਪ੍ਰਚਾਰ ਤੇ ਪਸਾਰ ਲਈ ਲੋੜੀਂਦੇ ਪ੍ਰਬੰਧ ਕਰੇਗੀ। ਖੇਤੀਬਾੜੀ ਅਤੇ ਖੁਰਾਕ ਕਮੇਟੀ ਵਧੀਕ ਮੁੱਖ ਸਕੱਤਰ ਵਿਕਾਸ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ। ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਅਤੇ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ, ਮਾਰਕਫੈੱਡ, ਪਨਸਪ ਅਤੇ ਪਨਗ੍ਰੇਨ ਦੇ ਐਮ.ਡੀ. ਇਸ ਦੇ ਮੈਂਬਰ ਹੋਣਗੇ ਜਦਕਿ ਸਕੱਤਰ ਮੰਡੀ ਬੋਰਡ ਕਮੇਟੀ ਇਸ ਦੇ ਕਨਵੀਨਰ ਹੋਣਗੇ। ਇਹ ਕਮੇਟੀ ਕਣਕ, ਆਲੂ, ਕਿੰਨੂ ਅਤੇ ਸਬਜ਼ੀਆਂ ਸਮੇਤ ਫਸਲਾਂ ਦੀ ਬਿਨਾਂ ਕਿਸੇ ਮੁਸ਼ਕਲ ਦੇ ਕਟਾਈ ਅਤੇ ਖਰੀਦ ’ਤੇ ਧਿਆਨ ਕੇਂਦਰਤ ਕਰੇਗੀ। ਹਾੜ੍ਹੀ ਦੀਆਂ ਫ਼ਸਲਾਂ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਡੀ-ਵਾਰ ਖ਼ਰੀਦ ਪ੍ਰਣਾਲੀ ਤਿਆਰ ਕਰੇਗੀ।

Previous articleਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਦੂਜੀ ਮੌਤ
Next articleਕਰੋਨਾ: ਪੰਜਾਬ ਦੀ ਜ਼ਿੰਦਗੀ ’ਚੋਂ ਪਠਲਾਵਾ ‘ਬੇਦਖ਼ਲ’