ਕਰੋਨਾਵਾਇਰਸ: ਖੁੰਡੇ ਹਲਾਲ ਨੂੰ ਪ੍ਰਸ਼ਾਸਨ ਨੇ ‘ਖੁੱਡੇ’ ਲਾਇਆ

ਪਿੰਡ ਖੁੰਡੇ ਹਲਾਲ ਦਾ ਹਰਜਿੰਦਰ ਸਿੰਘ ਕੰਬਾਈਨ ਚਲਾਉਂਦਾ ਹੈ। ਇਸ ਮੱਧ ਪ੍ਰਦੇਸ਼ ਦੇ ਸ਼ਹਿਰ ਜੱਬਲਪੁਰ ’ਚ ਕੰਬਾਈਨ ਲੈ ਕੇ ਗਿਆ ਹੋਇਆ ਹੈ। ਕਰਫਿਊ ਦੀ ਕਨਸੋਅ ਮਿਲਦਿਆਂ ਹੀ ਉਸ ਨੇ ਘਰ ਵਾਸਤੇ ਕੁਝ ਪੈਸੇ ਬੈਂਕ ’ਚ ਭੇਜ ਦਿੱਤੇ ਪਰ ਹੁਣ ਬੈਂਕ ਬੰਦ ਹਨ। ਪੈਸੇ ਨਿਕਲ ਨਹੀਂ ਰਹੇ। ਘਰ ਵਿੱਚ ਉਸ ਦੀ ਪਤਨੀ, ਮਾਂ ਤੇ ਚਾਰ ਬੱਚੇ ਹਨ। ਗੈਸ ਸਿਲੰਡਰ ਮੁੱਕ ਗਿਆ ਹੈ। ਮਾਂ ਦੀ ਪੈਨਸ਼ਨ ਵੀ ਨਹੀਂ ਮਿਲੀ। ਅਜਿਹੀ ਹਾਲਤ ’ਚ ਉਸ ਦੀ ਪਤਨੀ ਬੱਚਿਆਂ ਲਈ ਦਾਲ-ਰੋਟੀ ਦਾ ਪ੍ਰਬੰਧ ਕਰਨ ਤੋਂ ਵੀ ਆਤੁਰ ਹੈ। ਪਿੰਡ ਵਿੱਚ ਸਰਕਾਰੀ ਸਹਾਇਤਾ ਦੇ ਹੋਕੇ ਵੀ ਦਿੱਤੇ ਜਾ ਰਹੇ ਹਨ ਤੇ ਪੋਸਟਰ ਵੀ ਲੱਗੇ ਹਨ ਪਰ ਤਾਲਾਬੰਦੀ ਦੇ ਸੱਤ ਦਿਨਾਂ ਬਾਅਦ ਵੀ ਸਰਕਾਰੀ ਸਹਾਇਤਾ ਦੇ ਨਾਂ ’ਤੇ ਪਿੰਡ ਵਿੱਚ ਇਕ ਦਾਣਾ ਵੀ ਅਨਾਜ ਦਾ ਨਹੀਂ ਪੁੱਜਾ। ਪਿੰਡ ਵਾਸੀ ਤਰਸੇਮ ਸਿੰਘ ਨੇ ਦੱਸਿਆ ਕਿ ਇਸੇ ਪਿੰਡ ਦਾ ਜੱਗਾ ਸਿੰਘ ਅਧਰੰਗ ਦਾ ਮਰੀਜ਼ ਹੈ। ਉਸ ਦੀ ਪਤਨੀ ਬਲਵਿੰਦਰ ਕੌਰ ਦਿਹਾੜੀ ਕਰਕੇ ਗੁਜ਼ਾਰਾ ਚਲਾਉਂਦੀ ਸੀ ਪਰ ਹੁਣ ਕੰਮ ’ਤੇ ਨਾ ਜਾਣ ਕਾਰਨ ਦੋ ਡੰਗ ਦੀ ਰੋਟੀ ਵੀ ਵੱਡਾ ਮਸਲਾ ਬਣ ਗਈ ਹੈ। ਹਰਜਿੰਦਰ ਸਿੰਘ ਦੇ ਚਾਰ ਬੱਚੇ ਹਨ ਦੇ ਘਰ ਸਿਰਫ਼ ਆਟਾ ਹੀ ਬਚਿਆ ਹੈ। ਖੰਡ-ਪੱਤੀ, ਦਾਲ ਸਬਜ਼ੀ ਤੇ ਤੇਲ ਨਹੀਂ ਹੈ। ਸ਼ਮਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਦੇ ਪਰਿਵਾਰ ਦੀ ਹਾਲਤ ਵੀ ਇਹੀ ਹੈ। ਇਸੇ ਤਰ੍ਹਾਂ ਦੀ ਹਾਲਤ ਦਰਸ਼ਨ ਸਿੰਘ ਪੁੱਤਰ ਬੂਟਾ ਸਿੰਘ, ਗੁਰਜਿੰਦਰ ਸਿੰਘ ਪੁੱਤਰ ਗੁਰਦਾਸ, ਵਿਧਵਾ ਮਨਪ੍ਰੀਤ ਕੌਰ ਦੀ ਹੈ, ਜਿਸ ਦੇ ਪਤੀ ਜਸਕਰਨ ਸਿੰਘ ਦੀ ਕਰੀਬ 8 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਨ੍ਹਾਂ ਮੰਗ ਕੀਤੀ ਕਿ ਕਰਫਿਊੁ ਤੇ ਤਾਲਾਬੰਦੀ ਕਾਰਨ ਲੋਕਾਂ ਤੱਕ ਰਾਸ਼ਨ, ਸਾਬਣ, ਗੈਸ ਤੇ ਦਵਾਈਆਂ ਪਹੁੰਚਾਈਆਂ ਜਾਣ।

Previous articleਚਾਰ ਰੂਸੀ ਖਿਡਾਰੀ ਡੋਪਿੰਗ ਦੇ ਦੋਸ਼ੀ ਕਰਾਰ
Next articleਯਾਤਰੂਆਂ ਨੂੰ ਘਰਾਂ ਤਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਚਾਰ ਬੱਸਾਂ ਭੇਜੀਆਂ