ਯਾਤਰੂਆਂ ਨੂੰ ਘਰਾਂ ਤਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਚਾਰ ਬੱਸਾਂ ਭੇਜੀਆਂ

ਕਰੋਨਾਵਾਇਰਸ ਤੋਂ ਬਚਾਅ ਲਈ ਲੱਗੇ ਕਰਫਿਊ ਕਾਰਨ ਇੱਥੇ ਫਸ ਗਏ ਯਾਤਰੂਆਂ ਨੂੰ ਘਰਾਂ ਤਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਅੱਜ ਵੀ ਚਾਰ ਬੱਸਾਂ ਦਿੱਲੀ, ਸ਼ਾਹਜਹਾਨਪੁਰ (ਯੂਪੀ) ਅਤੇ ਬਠਿੰਡਾ ਲਈ ਰਵਾਨਾ ਕੀਤੀਆਂ ਹਨ। ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਮਾਰਗਾਂ ਦੀ ਸਫ਼ਾਈ ਅਤੇ ਦਵਾਈ ਦਾ ਛਿੜਕਾਅ ਵੀ ਕਰਵਾਇਆ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇੱਥੇ ਫਸੇ ਯਾਤਰੂਆਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਅੱਜ ਚਾਰ ਬੱਸਾਂ ਵਿਚ ਵੱਖ ਵੱਖ ਥਾਵਾਂ ਲਈ ਯਾਤਰੂ ਰਵਾਨਾ ਕੀਤੇ ਗਏ ਹਨ। ਇਨ੍ਹਾਂ ਬੱਸਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਰਵਾਨਾ ਕੀਤਾ। ਬੱਸਾਂ ਵਿਚ ਯੂਪੀ, ਗੁਜਰਾਤ, ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਯਾਤਰੂ ਸ਼ਾਮਲ ਹਨ।
ਡਾ. ਰੂਪ ਸਿੰਘ ਨੇ ਦੱਸਿਆ ਕਿ ਦੋ ਬੱਸਾਂ ਦਿੱਲੀ, ਇਕ ਸ਼ਾਹਜਹਾਨਪੁਰ ਅਤੇ ਇਕ ਬਠਿੰਡਾ ਵਾਸਤੇ ਭੇਜੀ ਗਈ ਹੈ। ਬੱਸਾਂ ਵਿਚ ਯਾਤਰੂਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਵਾਸਤੇ ਵੀ ਆਖਿਆ ਗਿਆ ਹੈ। ਇਨ੍ਹਾਂ ਬੱਸਾਂ ਵਿਚ ਗੁਜਰਾਤ ਦੇ ਲੋਕ ਵੀ ਸ਼ਾਮਲ ਹਨ। ਜੋ ਦਿੱਲੀ ਤਕ ਇਨ੍ਹਾਂ ਬੱਸਾਂ ਰਾਹੀਂ ਜਾਣਗੇ ਅਤੇ ਅਗਾਂਹ ਆਪਣਾ ਪ੍ਰਬੰਧ ਆਪ ਕਰਨਗੇ। ਜੰਮੂ ਕਸ਼ਮੀਰ, ਮਹਾਰਾਸ਼ਟਰ ਅਤੇ ਬਿਹਾਰ ਦੀਆਂ ਸੰਗਤਾਂ ਨੂੰ ਫਿਲਹਾਲ ਸਰਾਵਾਂ ਵਿਚ ਠਹਿਰਾਇਆ ਹੋਇਆ ਹੈ ਅਤੇ ਇਨ੍ਹਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪੰਜ ਬੱਸਾਂ ਦਿੱਲੀ ਤੇ ਹੋਰ ਸਥਾਨਾਂ ’ਤੇ ਭੇਜੀਆਂ ਗਈਆਂ ਸਨ। ਵਾਪਸੀ ਵੇਲੇ ਇਨ੍ਹਾਂ ਬੱਸਾਂ ਰਾਹੀਂ ਦਿੱਲੀ ਵਿਚ ਫਸੇ ਪੰਜਾਬੀਆਂ ਨੂੰ ਪੰਜਾਬ ਲਿਆਂਦਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਮਗਰੋਂ ਇਹ ਬੱਸਾਂ ਭੇਜੀਆਂ ਗਈਆਂ ਹਨ।
ਇਸ ਦੌਰਾਨ ਮੁੰਬਈ ਤੋਂ ਆਏ ਮਨੀਸ਼ ਕੁਮਾਰ ਨੇ ਦਸਿਆ ਕਿ ਉਹ 14 ਮੈਂਬਰ ਹਨ, ਜਿਨ੍ਹਾਂ ਵਿਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ। ਉਹ 21 ਮਾਰਚ ਨੂੰ ਅੰਮ੍ਰਿਤਸਰ ਪੁੱਜੇ ਸਨ ਪਰ ਕਰਫਿਊ ਅਤੇ ਭਾਰਤ ਬੰਦ ਕਾਰਨ ਇੱਥੇ ਫਸ ਗਏ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਘਰ ਭੇਜਣ ਲਈ ਮਦਦ ਦੀ ਅਪੀਲ ਕੀਤੀ ਹੈ। ਫਿਲਹਾਲ ਉਨ੍ਹਾਂ ਨੂੰ ਸਰਾਂ ਵਿਚ ਠਹਿਰਾਇਆ ਗਿਆ ਹੈ। ਇਸੇ ਤਰ੍ਹਾਂ ਬਿਹਾਰ ਤੋਂ ਆਏ ਯਾਤਰੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਵਾਪਸੀ ਮੁਸ਼ਕਲ ਹੋ ਗਈ ਹੈ। ਇਨ੍ਹਾਂ ਨੂੰ ਵੀ ਸਰਾਵਾਂ ਵਿਚ ਕਮਰੇ ਦਿੱਤੇ ਗਏ ਹਨ।
ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਮਾਰਗਾਂ ਨੂੰ ਸੈਨੇਟਾਈਜ਼ ਕੀਤਾ ਗਿਆ। ਰਸਤਿਆਂ ਸਫ਼ਾਈ ਅਤੇ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਾਵਾਂ ਅਤੇ ਪਾਰਕਾਂ ਵਿਚ ਵੀ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ। ਸਿੱਖ ਸੰਸਥਾ ਵੱਲੋਂ ਲੋੜਵੰਦਾਂ ਤਕ ਲੰਗਰ ਪਹੁੰਚਾਉਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਈ ਥਾਵਾਂ ’ਤੇ ਲੰਗਰ ਪ੍ਰਬੰਧਾਂ ਦਾ ਖ਼ੁਦ ਜਾਇਜ਼ਾ ਲਿਆ ਹੈ।

Previous articleਕਰੋਨਾਵਾਇਰਸ: ਖੁੰਡੇ ਹਲਾਲ ਨੂੰ ਪ੍ਰਸ਼ਾਸਨ ਨੇ ‘ਖੁੱਡੇ’ ਲਾਇਆ
Next articleਪਰਵਾਸੀ ਕਾਮਿਆਂ ਦੀ ਹਾਲਤ ਲਈ ਸਰਕਾਰ ਜ਼ਿੰਮੇਵਾਰ: ਕਾਂਗਰਸ