ਮਨਦੀਪ ਦੀ ਮ੍ਰਿਤਕ ਦੇਹ ਸਿੰਗਾਪੁਰ ਤੋਂ ਦਸੂਹਾ ਪੁੱਜੀ

ਦਸੂਹਾ– ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ 10 ਸਾਲ ਪਹਿਲਾਂ ਸਿੰਗਾਪੁਰ ਗਏ ਮਨਦੀਪ ਕੁਮਾਰ ਉਰਫ ਸ਼ਾਲੀ (38) ਪੁੱਤਰ ਰਤਨ ਲਾਲ ਵਾਸੀ ਮੁਹੱਲਾ ਕੈਂਥਾਂ ਦੀ ਮ੍ਰਿਤਕ ਦੇਹ ਤਿੰਨ ਦਿਨਾਂ ਬਾਅਦ ਦਸੂਹਾ ਪੁੱਜਣ ’ਤੇ ਇਲਾਕੇ ਦਾ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਸਿੰਗਾਪੁਰ ਦੇ ਬੁਕੀਬਾਤੋ ਸ਼ਹਿਰ ਵਿੱਚ ਸੰਮੁਦਰੀ ਬੇੜੇ ਦੀ ਮੁਰੰਮਤ ਕਰਨ ਵਾਲੀ ਇਕ ਕੰਪਨੀ ਦੀ ਵਰਕਸ਼ਾਪ ਵਿੱਚ ਬਤੌਰ ਫੋਰਮੈਨ ਕੰਮ ਕਰਦਾ ਸੀ, ਜਿਥੇ 12 ਮਾਰਚ ਨੂੰ ਕੰਮ ਕਰਦਿਆ ਆਈਰਨ ਚੇਨ ਟੁੱਟਣ ਕਾਰਨ ਵਾਪਰੇ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਦਾ ਸਥਾਨਕ ਪ੍ਰਾਚੀਨ ਪਾਂਡਵ ਸਰੋਵਰ ਨੇੜਲੇ ਸ਼ਮਸ਼ਾਨ ਘਾਟ ’ਚ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ ਮਾਂਪਿਆਂ ਸਮੇਤ ਤਿੰਨ ਬੱਚੇ ਤੇ ਪਤਨੀ ਪ੍ਰਿਅੰਕਾ ਨੂੰ ਛੱਡ ਗਿਆ ਹੈ। ਮਿ੍ਤਕ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ ਮਨਦੀਪ ਇਕ ਮਹੀਨੇ ਦੀ ਛੁੱਟੀ ਕੱਟ ਕੇ 1 ਮਾਰਚ ਨੂੰ ਸਿੰਗਾਪੁਰ ਗਿਆ ਸੀ ਤੇ 11 ਦਿਨਾਂ ਬਾਅਦ ਹੀ ਉਸ ਦੇ ਅਕਾਲ ਚਲਾਣੇ ਦੀ ਖ਼ਬਰ ਆ ਗਈ।

Previous articleਕਰੋਨਾਵਾਇਰਸ: ਕਾਲਜਾਂ ਦੇ ਹੋਸਟਲ ਖਾਲੀ ਹੋਣੇ ਸ਼ੁਰੂ
Next articleਪੁਲ ਨਿਰਮਾਣ ’ਚ ਅੜਿੱਕਾ ਬਣੀ ਮਜ਼ਾਰ ਢਾਹੀ