ਕਰੋਨਾਵਾਇਰਸ: ਕਾਲਜਾਂ ਦੇ ਹੋਸਟਲ ਖਾਲੀ ਹੋਣੇ ਸ਼ੁਰੂ

ਪੰਜਾਬ ਯੂਨੀਵਰਸਿਟੀ ਵੱਲੋਂ ਕਰੋਨਾਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਯੂਨੀਵਰਸਿਟੀ ਤੇ ਸਬੰਧਤ ਕਾਲਜਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਤਿੰਨ ਦਿਨਾਂ ਵਿਚ ਹੋਸਟਲ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਪਰ ਵਿਦੇਸ਼ੀ ਵਿਦਿਆਰਥੀਆਂ ਵਲੋਂ ਹਾਲ ਦੀ ਘੜੀ ਹੋਸਟਲ ਖਾਲੀ ਕਰਨ ਤੋਂ ਨਾਂਹ ਕਰ ਦਿੱਤੀ ਗਈ ਹੈ। ਦੂਜੇ ਪਾਸੇ ਚੰਡੀਗੜ੍ਹ ਦੇ ਕਾਲਜਾਂ ਦੇ ਹੋਸਟਲਾਂ ਵਿਚ ਰਹਿ ਰਹੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਆਪਣੇ ਪਿਤਰੀ ਰਾਜਾਂ ਨੂੰ ਚਾਲੇ ਪਾ ਦਿੱਤੇ ਹਨ ਪਰ ਵੱਡੀ ਗਿਣਤੀ ਅਫਗਾਨੀ ਵਿਦਿਆਰਥੀ ਦੁਚਿੱਤੀ ਵਿਚ ਹਨ। ਇਸ ਤੋਂ ਇਲਾਵਾ ਕਾਲਜਾਂ ਦੀਆਂ ਮਿਡ ਸਮੈਸਟਰ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਇਥੋਂ ਦੇ ਕਾਲਜਾਂ ਵਿਚੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਵਿਦਿਆਰਥੀਆਂ ਨੇ ਹੋਸਟਲ ਛੱਡ ਦਿੱਤੇ ਹਨ। ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਦੇ ਕਈ ਅਫਗਾਨੀ ਵਿਦਿਆਰਥੀਆਂ ਨੇ ਸੈਕਟਰ-20 ਦੇ ਬੀਐਡ ਕਾਲਜ ਵਿਚ ਲਏ ਹੋਸਟਲ ਦੇ ਕਮਰੇ ਖਾਲੀ ਕਰਨ ਤੋਂ ਅਸਮਰੱਥਤਾ ਜਤਾਈ ਹੈ। ਇਨ੍ਹਾਂ ਵਿਦਿਆਰਥੀਆਂ ਵਿਚੋਂ ਇਕ ਵਿਦਿਆਰਥੀ ਨੇ ਦੱਸਿਆ ਕਿ ਤਿੰਨ ਦਿਨਾਂ ਵਿਚ ਹੋਸਟਲ ਖਾਲੀ ਕਰਨ ਲਈ ਕਿਹਾ ਗਿਆ ਹੈ ਪਰ ਉਹ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਨੂੰ ਕਰੋਨਾਵਾਇਰਸ ਦਾ ਡਰ ਸਤਾ ਰਿਹਾ ਹੈ। ਇਸ ਕਾਲਜ ਦੇ ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਆਪਣੇ ਕਾਲਜ ਦੇ ਪੀਜੀਜ਼ ਵਿਚ ਰਹਿ ਰਹੇ ਦੋਸਤਾਂ ਕੋਲ ਪਹੁੰਚ ਕੀਤੀ ਹੈ ਤੇ ਕੁਝ ਦਿਨ ਰਹਿਣ ਦੇਣ ਦੀ ਇਜਾਜ਼ਤ ਮੰਗੀ ਹੈ ਪਰ ਸੀਮਤ ਥਾਂ ਹੋਣ ਕਾਰਨ ਪ੍ਰੇਸ਼ਾਨੀ ਆ ਰਹੀ ਹੈ। ਇਸੀ ਤਰ੍ਹਾਂ ਸਰਕਾਰੀ ਕਾਲਜ ਸੈਕਟਰ-11, ਡੀਏਵੀ ਕਾਲਜ ਵਿਚੋਂ ਹਾਸਲ ਜਾਣਕਾਰੀ ਅਨੁਸਾਰ ਇਨ੍ਹਾਂ ਕਾਲਜਾਂ ਦੇ ਪੰਜਾਬ ਤੇ ਹਰਿਆਣਾ ਦੇ ਵੱਡੀ ਗਿਣਤੀ ਵਿਦਿਆਰਥੀ ਅੱਜ ਘਰਾਂ ਨੂੰ ਚਲੇ ਗਏ ਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀ ਭਲਕੇ ਜਾਣ ਦਾ ਮਨ ਬਣਾ ਰਹੇ ਹਨ। ਡੀਏਵੀ ਕਾਲਜ ਵਿਦਿਆਰਥੀ ਯੂਨੀਅਨ ਦੇ ਰਜਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਕਈ ਅਫਗਾਨੀ ਤੇ ਕਸ਼ਮੀਰੀ ਵਿਦਿਆਰਥੀਆਂ ਨੇ ਪਹੁੰਚ ਕੀਤੀ ਹੈ ਕਿ ਕਾਲਜ ਦੇ ਪ੍ਰਿੰਸੀਪਲ ਨੇ ਮੰਗਲਵਾਰ ਤਕ ਹੋਸਟਲ ਖਾਲੀ ਕਰਨ ਲਈ ਕਿਹਾ ਹੈ ਤੇ ਉਹ ਆਪਣੇ ਘਰਾਂ ਵਿਚ ਜਾਣ ਤੋਂ ਅਸਮਰੱਥ ਹਨ। ਇਸ ਕਰ ਕੇ ਉਨ੍ਹਾਂ ਦੀ ਆਰਜ਼ੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚਾਰ ਜਣਿਆਂ ਦੇ ਰਹਿਣ ਦਾ ਤਾਂ ਇੰਤਜ਼ਾਮ ਕਰ ਦਿੱਤਾ ਹੈ ਤੇ ਬਾਕੀਆਂ ਲਈ ਯਤਨ ਜਾਰੀ ਹਨ। ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ 36 ਦੀਆਂ ਜ਼ਿਆਦਾਤਰ ਵਿਦਿਆਰਥਣਾਂ ਨੇ ਹੋਸਟਲ ਖਾਲੀ ਕਰ ਦਿੱਤੇ ਹਨ।

Previous articleਨਵੇਂ ਵਿੱਤੀ ਵਰ੍ਹੇ ’ਚ ਵੀ ਬਣੀ ਰਹੇਗੀ ਡੁੱਬੇ ਕਰਜ਼ਿਆਂ ਦੀ ਸਮੱਸਿਆ: ਯੈੱਸ ਬੈਂਕ
Next articleਮਨਦੀਪ ਦੀ ਮ੍ਰਿਤਕ ਦੇਹ ਸਿੰਗਾਪੁਰ ਤੋਂ ਦਸੂਹਾ ਪੁੱਜੀ