ਜੰਮੂ ਕਸ਼ਮੀਰ ਦੇ ਅਤੰਗਨਾਗ ਜ਼ਿਲ੍ਹੇ ਵਿਚ ਮੁੱਠਭੇੜ ਦੌਰਾਨ ਅੱਜ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਤੇ ਹਿਜ਼ਬੁਲ ਮੁਜ਼ਾਹਿਦੀਨ ਨਾਲ ਸਬੰਧਤ ਚਾਰ ਅਤਿਵਾਦੀਆਂ ਨੂੰ ਮਾਰ ਮੁਕਾਇਆ।
ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦਿਆਲਗਾਮ ਦੇ ਦਾਰ ਮੁਹੱਲੇ ਵਿਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅਤਿਵਾਦੀਆਂ ਵੱਲੋਂ ਗੋਲੀਬਾਰੀ ਕਰਨ ਉੱਤੇ ਸੁਰੱਖਿਆ ਦਲਾਂ ਨੇ ਜਵਾਬੀ ਕਾਰਵਾਈ ਕੀਤੀ ਤੇ ਮੁੱਠਭੇੜ ਦੌਰਾਨ ਚਾਰ ਅਤਿਵਾਦੀ ਮਾਰੇ ਗਏ। ਇਨ੍ਹਾਂ ਵਿਚੋਂ ਤਿੰਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਨ, ਜਿਨ੍ਹਾਂ ਦੀ ਸ਼ਨਾਖ਼ਤ ਜ਼ਿਲ੍ਹਾ ਕਮਾਂਡਰ ਮੁਜ਼ੱਫਰ ਅਹਿਮਦ ਭੱਟ, ਉਮਰ ਅਮੀਨ ਭੱਟ ਤੇ ਸੱਜਾਦ ਅਹਿਮਦ ਤੇ ਇਕ ਹਿਜ਼ਬੁਲ ਮੁਜ਼ਾਹਿਦੀਨ ਨਾਲ ਸਬੰਧਤ ਗੁਲਜ਼ਾਰ ਅਹਿਮਦ ਭੱਟ ਵਜੋਂ ਹੋਈ ਹੈ। ਸਾਰੇ ਕੁਲਗਾਮ ਜ਼ਿਲ੍ਹੇ ਨਾਲ ਸਬੰਧਤ ਸਨ। ਪੁਲੀਸ ਨੇ ਦੋ ਏਕੇ 47 ਰਾਈਫਲਜ਼, ਦੋ ਪਿਸਤੌਲ ਤੇ ਹੋਰ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਬਾਰਾਮੁੱਲਾ ਜ਼ਿਲ੍ਹੇ ਵਿਚ ਖੇਤਰ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਇਕ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖ਼ਤ ਦਾਨਿਸ਼ ਕਾਕਰੂ ਵਸਨੀਕ ਚੇਸਤੀ ਕਲੋਨੀ, ਬਾਰਾਮੁੱਲਾ ਵਜੋਂ ਹੋਈ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਵੱਖਰੀ ਕਾਰਵਾਈ ਦੌਰਾਨ ਪੁਲੀਸ ਨੇ ਸ਼ੱਕ ਦੇ ਆਧਾਰ ਤੇ ਦੋ ਜਣਿਆਂ ਨੂੰ ਫੜਿਆ ਹੈ। ਇਨ੍ਹਾਂ ਵਿਚੋਂ ਇਕ ਦੀ ਸ਼ਨਾਖ਼ਤ ਪਰਵੇਜ਼ ਅਹਿਮਦ ਮਾਂਟੂ ਵਾਸੀ ਖੁਦਵਾਨੀ ਕੁਲਗਾਮ ਵਜੋਂ ਹੋਈ ਹੈ ਤੇ ਦੂਜੇ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਪਿਸਤੌਲ, ਤਿੰਨ ਗ੍ਰੇਨੇਡ ਤੇ ਨਗਦੀ ਬਰਾਮਦ ਕੀਤੀ ਹੈ।
HOME ਮੁਕਾਬਲੇ ’ਚ ਲਸ਼ਕਰ ਤੇ ਹਿਜ਼ਬੁਲ ਦੇ ਚਾਰ ਅਤਿਵਾਦੀ ਹਲਾਕ