ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ: ਰਾਹੁਲ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵਾਪਸ ਲਏ ਜਾਣ। ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਵਿਚਾਰ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ, ‘ਨਿਮਰ ਢੰਗ ਨਾਲ ਤੁਸੀਂ ਦੁਨੀਆ ਹਿਲਾ ਸਕਦੇ ਹੋ: ਮਹਾਤਮਾ ਗਾਂਧੀ। ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਖੇਤੀ ਵਿਰੋਧੀ ਕਾਨੂੰਨ ਤੁਰੰਤ ਵਾਪਸ ਲਏ ਜਾਣ।’ ਕਾਂਗਰਸ ਆਗੂ ਨੇ ਬੀਤੇ ਦਿਨ ਹੋਈ ਹਿੰਸਾ ਦੀ ਪਿੱਠਭੂਮੀ ’ਚ ਮਹਾਤਮਾ ਗਾਂਧੀ ਦੇ ਵਿਚਾਰ ਦਾ ਜ਼ਿਕਰ ਕੀਤਾ ਹੈ।

ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ’ਚ ਹੰਗਾਮਾ ਕਰਨ ਲਈ ਭਾਜਪਾ ਨੇ ਆਪਣੇ ਪਿੱਠੂ ਦੀਪ ਸਿੱਧੂ ਨੂੰ ਭੇਜਿਆ ਸੀ। ਭਾਜਪਾ ਤੇ ਸਿੱਧੂ ਵਿਚਾਲੇ ਸਬੰਧਾਂ ’ਤੇ ਸਵਾਲ ਚੁੱਕਿਆਂ ‘ਆਪ’ ਦੇ ਬੁਲਾਰੇ ਰਾਘਵ ਚੱਢਾ ਨੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਨਾਲ ਦੀਪ ਸਿੱਧੂ ਦੀ ਕਥਿਤ ਤਸਵੀਰਾਂ ਦਿਖਾਈਆਂ। ਉਨ੍ਹਾਂ ਕਿਹਾ, ‘ਕਿਸਾਨਾਂ ਦੀ ਟਰੈਕਟਰ ਪਰੇਡ ’ਚ ਹੰਗਾਮਾ ਖੜ੍ਹਨ ਕਰਨ ਲਈ ਭਾਜਪਾ ਨੇ ਦੀਪ ਸਿੱਧੂ ਨੂੰ ਆਪਣਾ ਪਿੱਠੂ ਬਣਾਇਆ।’

ਉੱਧਰ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਅੱਜ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਵਾਪਰੀ ਹਿੰਸਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿੰਨੋਂ ਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕਰਕੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣ ਦੀ ਅਪੀਲ ਕੀਤੀ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਬੀਤੇ ਦਿਨ ਜੋ ਵੀ ਹੋਇਆ ਉਸ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਕਿਸਾਨਾਂ ’ਤੇ ਦੋਸ਼ ਮੜ੍ਹ ਰਹੀ ਹੈ, ਇਸੇ ਨੇ ਕਿਸਾਨਾਂ ਨੂੰ ਗੁੱਸਾ ਦਿਵਾਇਆ ਹੈ।

Previous articleਗੈਰਸਮਾਜੀ ਅਨਸਰਾਂ ਨੇ ਕੀਤੀ ਸ਼ਾਂਤਮਈ ਸੰਘਰਸ਼ ਨੂੰ ‘ਤਾਰਪੀਡੋ’ ਕਰਨ ਦੀ ਕੋਸ਼ਿਸ਼
Next articleਕਿਸਾਨਾਂ ਨਾਲ ਖੜ੍ਹੇ ਰਹਾਂਗੇ: ਅਮਰਿੰਦਰ