ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ’ਚ ਕੌਮੀ ਐਮਰਜੈਂਸੀ ਐਲਾਨ ਦਿੱਤੀ ਹੈ, ਜਿਸ ਨਾਲ ਸਰਕਾਰ ਨੂੰ ਕਰੋਨਾਵਾਇਰਸ ਨਾਲ ਨਜਿੱਠਣ ਲਈ ਸੰਘੀ ਖਜ਼ਾਨੇ ਤੋਂ 50 ਅਰਬ ਡਾਲਕ ਦੀ ਰਾਸ਼ੀ ਮਿਲੇਗੀ। ਇਸ ਵਾਇਰਸ ਨਾਲ ਅਮਰੀਕਾ ’ਚ ਹੁਣ ਤੱਕ 41 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਵਾਇਰਸ ਅਮਰੀਕਾ ਦੇ 50 ’ਚੋਂ 46 ਰਾਜਾਂ ’ਚ ਫ਼ੈਲ ਚੁੱਕਾ ਹੈ ਤੇ ਦੇਸ਼ ਭਰ ’ਚ ਇਸ ਦੇ 2000 ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ।
ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ, ‘ਸੰਘੀ ਸਰਕਾਰ ਦੀਆਂ ਪੂਰਨ ਸ਼ਕਤੀਆਂ ਦੀ ਵਰਤੋਂ ਕਰਨ ਲਈ ਮੈਂ ਅਧਿਕਾਰਤ ਤੌਰ ’ਤੇ ਕੌਮੀ ਐਮਰਜੈਂਸੀ ਦਾ ਐਲਾਨ ਕਰਦਾ ਹਾਂ।’ ਉਨ੍ਹਾਂ ਕਿਹਾ, ‘ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਅਗਲੇ ਅੱਠ ਹਫ਼ਤੇ ਬਹੁਤ ਅਹਿਮ ਹਨ।’ ਉਨ੍ਹਾਂ ਹਰ ਸੂਬੇ ਨੂੰ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਵੱਧ ਹੈ ਕਿ ਉਨ੍ਹਾਂ ਦੀ ਕਰੋਨਾਵਾਇਰਸ ਲਈ ਜਾਂਚ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ’ਚ ਇਸ ਬਿਮਾਰੀ ਦੇ ਕੋਈ ਲੱਛਣ ਦਿਖਾਈ ਨਹੀਂ ਦਿੱਤੇ ਹਨ। ਇਸੇ ਦੌਰਾਨ ਟਰੰਪ ਨੇ ਬਰਤਾਨੀਆ ਨੂੰ ਛੱਡ ਕੇ ਕਿਸੇ ਵੀ ਯੂਰੋਪੀ ਮੁਲਕ ਤੋਂ ਮੁਸਾਫਰਾਂ ਦੀ ਆਮਦ ਅਗਲੇ 30 ਦਿਨਾਂ ਲਈ ਰੋਕ ਦਿੱਤੀ ਹੈ।
ਦੂਜੇ ਪਾਸੇ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਘਰ ’ਚੋਂ ਸਰਕਾਰ ਚਲਾ ਰਹੇ ਹਨ। ਉਨ੍ਹਾਂ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਕਾਨਫਰੰਸ ਦੌਰਾਨ ਕਿਹਾ ਕਿ ਉਸ ਦੇ ਬੱਚੇ, ਪਤਨੀ ਤੇ ਉਹ ਵੱਖੋ ਵੱਖਰੇ ਕਮਰਿਆਂ ’ਚ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਹੈ। ਉਹ ਚੰਗਾ ਮਹਿਸੂਸ ਕਰ ਰਹੇ ਹਨ ਤੇ ਤਕਨੀਕ ਦੀ ਮਦਦ ਨਾਲ ਘਰ ਤੋਂ ਹੀ ਕੰਮ ਕਰ ਰਹੇ ਹਨ। ਇਸੇ ਦੌਰਾਨ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮੁਲਕ ਨੂੰ ਮਾਸਕ ਤੇ ਦਵਾਈਆਂ ਬਣਾਉਣ ਵਾਲੀ ਸਮੱਗਰੀ ਦੀ ਬਰਾਮਦ ਨੂੰ ਮਨਜ਼ੂਰੀ ਦਿੱਤੀ ਜਾਵੇ।
HOME ਟਰੰਪ ਨੇ ਅਮਰੀਕਾ ’ਚ ਕੌਮੀ ਐਮਰਜੈਂਸੀ ਐਲਾਨੀ