ਐਸ.ਏ.ਐਸ. ਨਗਰ (ਮੁਹਾਲੀ)- ਇੱਥੋਂ ਦੇ ਫੇਜ਼ 9 ਵਿਚਲੇ ਐਚਐਲ ਰਿਹਾਇਸ਼ੀ ਬਲਾਕ ਵਿੱਚ ਅੱਜ ਦੋਧੀ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਪੀੜਤ ਦੋਧੀ ਕਮਲਪ੍ਰੀਤ ਸਿੰਘ ਵਾਸੀ ਪਿੰਡ ਚਾਚੂਮਾਜਰਾ ਨੂੰ ਮੁਹੱਲੇ ਦੇ ਲੋਕਾਂ ਨੇ ਸੋਹਾਣਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਉਸ ਦੇ ਪੱਟ ’ਤੇ ਗੋਲੀ ਲੱਗੀ ਹੈ ਜਦੋਂਕਿ ਦੋਵੇਂ ਹੱਥਾਂ ’ਤੇ ਤੇਜ਼ਧਾਰ ਹਥਿਆਰ ਨਾਲ ਲੱਗੀਆਂ ਸੱਟਾਂ ਦੇ ਨਿਸ਼ਾਨ ਹਨ। ਇਹ ਵਾਰਦਾਤ ਇਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਏ ਪਾਸ ਕਮਲਪ੍ਰੀਤ ਸਿੰਘ ਨੂੰ ਨੌਕਰੀ ਨਾ ਮਿਲਣ ਕਾਰਨ ਲੋਕਾਂ ਦੇ ਘਰਾਂ ਦੁੱਧ ਪਾਉਣਾ ਸ਼ੁਰੂ ਕਰ ਦਿੱਤਾ। ਅੱਜ ਵੀ ਉਹ ਫੇਜ਼-9 ਦੇ ਘਰਾਂ ਵਿੱਚ ਦੁੱਧ ਪਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀ ਉੱਥੇ ਪਹੁੰਚ ਗਏ ਅਤੇ ਉਸ ’ਤੇ ਗੰਡਾਸੀ ਨਾਲ ਹਮਲਾ ਕਰ ਦਿੱਤਾ। ਉਸ ਨੇ ਦੁੱਧ ਦੀ ਛੋਟੀ ਡਰੰਮੀ ਨਾਲ ਗੰਡਾਸੀ ਦੇ ਵਾਰ ਤੋਂ ਬਚਨ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੋਵੇਂ ਹੱਥ ਜ਼ਖ਼ਮੀ ਹੋ ਗਏ। ਏਨੇ ’ਚ ਇਕ ਹਮਲਾਵਰ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ ਅਤੇ ਉਸ ਦੇ ਪੱਟ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ। ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਇਸ ਮਗਰੋਂ ਹਮਲਾਵਰ ਫਰਾਰ ਹੋ ਗਏ।
ਸੋਹਾਣਾ ਹਸਪਤਾਲ ਵਿੱਚ ਜ਼ਖ਼ਮੀ ਕਮਲਪ੍ਰੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪ੍ਰੰਤੂ ਕਾਲਜ ਵਿੱਚ ਪੜ੍ਹਾਈ ਦੌਰਾਨ ਉਸ ਦੇ ਦੋਸਤ ਨਾਲ ਦੂਜੀ ਧਿਰ ਦੀ ਲੜਾਈ ਜ਼ਰੂਰ ਹੋਈ ਸੀ। ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਹਮਲਾਵਰ ਨੂੰ ਪਛਾਣ ਲਿਆ ਹੈ। ਜ਼ਖ਼ਮੀ ਕਮਲਪ੍ਰੀਤ ਅਨੁਸਾਰ ਹਮਲਾਵਰਾਂ ਵਿੱਚ ਇਕ ਵਿਅਕਤੀ ਕਾਲਜ ਦੀ ਲੜਾਈ ਵਿੱਚ ਸ਼ਾਮਲ ਸੀ। ਉਧਰ, ਸੈਂਟਰਲ ਥਾਣਾ ਫੇਜ਼-8 ਦੇ ਐੱਸਐਚਓ ਰਜਨੀਸ਼ ਚੌਧਰੀ ਨੇ ਦੱਸਿਆ ਕਿ ਪੁਲੀਸ ਨੇ ਥਾਣਾ ਸੋਹਾਣਾ ਵਿੱਚ ਆਈਪੀਸੀ ਦੀ ਧਾਰਾ 307, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਇਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀ ਹੈ ਜਿਸ ਵਿੱਚ ਦੇਸੀ ਕੱਟੇ ਨਾਲ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲੀਸ ਨੇ ਮੌਕੇ ਤੋਂ ਇਕ ਖੋਲ ਵੀ ਬਰਾਮਦ ਕੀਤਾ ਹੈ। ਥਾਣਾ ਮੁਖੀ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
INDIA ਦੋਧੀ ’ਤੇ ਜਾਨਲੇਵਾ ਹਮਲਾ; ਪੱਟ ਵਿੱਚ ਲੱਗੀ ਗੋਲੀ