ਸ਼੍ਰੋਮਣੀ ਕਮੇਟੀ ਨੇ ਨਗਰ ਕੀਰਤਨ ਸਜਾਇਆ;
ਨਿਹੰਗ ਸਿੰਘ ਜਥੇਬੰਦੀਆਂ ਨੇ ਮਹੱਲਾ ਕੱਢਿਆ
ਸ੍ਰੀ ਆਨੰਦਪੁਰ ਸਾਹਿਬ- ਸਿੱਖਾਂ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਇੱਥੇ ਮੰਗਲਵਾਰ ਨੂੰ ਪੂਰੇ ਖਾਲਸਈ ਜਾਹੋ ਜਲਾਲ ਨਾਲ ਸਮਾਪਤ ਹੋ ਗਿਆ। 5 ਮਾਰਚ ਤੋਂ ਸ਼ੁਰੂ ਹੋਏ ਹੋਲੇ ਮਹੱਲੇ ਦੇ ਆਖਰੀ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਇੱਥੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ, ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੋਹਰੇਮਸਕੀਨ, ਕੇਸਗੜ੍ਹ ਸਾਹਿਬ ਦੇ ਹੈੱਡਗ੍ਰੰਥੀ ਗਿਆਨੀ ਫੂਲਾ ਸਿੰਘ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਡਾ. ਦਲਜੀਤ ਸਿੰਘ ਭਿੰਡਰ, ਮੁੱਖ ਸਕੱਤਰ ਡਾ. ਰੂਪ ਸਿੰਘ, ਸੁਖਦੇਵ ਸਿੰਘ ਭੂਰਾਕੋਹਨਾ, ਮਹਿੰਦਰ ਸਿੰਘ ਆਹਲੀ, ਮੈਨੇਜਰ ਜਸਵੀਰ ਸਿੰਘ, ਹਰਦੇਵ ਸਿੰਘ ਹੈਪੀ ਆਦਿ ਹਾਜ਼ਰ ਸਨ। ਤਖਤ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿਚ ਨਰਸਿੰਘੇ ਵਜਾ ਕੇ ਆਰੰਭੇ ਮਹੱਲੇ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।
ਇਸ ਮਗਰੋਂ ਨਿਹੰਗ ਸਿੰਘਾਂ ਦੀ ਜਥੇਬੰਦੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ’ਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੇ ਘੋੜਿਆਂ, ਹਾਥੀਆਂ, ਊਠਾਂ ’ਤੇ ਸਵਾਰ ਹੋ ਕੇ ਮਹੱਲਾ ਕੱਢਿਆ, ਜੋ ਗੁਰਦੁਆਰਾ ਸ਼ਹੀਦੀ ਬਾਗ਼ ਤੋਂ ਆਰੰਭ ਹੋ ਕੇ ਗੁਰਦੁਆਰਾ ਮਾਤਾ ਜੀਤੋ ਜੀ ਅਗੰਮਪੁਰ ਵਿਖੇ ਹੁੰਦਾ ਹੋਇਆ ਇਤਿਹਾਸਿਕ ਚਰਨਗੰਗਾ ਸਟੇਡੀਅਮ ਵਿਖੇ ਪਹੁੰਚਿਆ। ਪੰਜਾਬ ਸਣੇ ਦੇਸ਼ ਅਤੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਨਾਲ ਨੀਲੇ ਅਸਮਾਨ ਹੇਠ ਖਾਲਸਾਈ ਰੰਗ ਵਿਚ ਰੰਗੇ ਇਸ ਸਟੇਡੀਅਮ ’ਚ ਮੌਜੂਦ ਹਜ਼ਾਰਾਂ ਸ਼ਰਧਾਲੂਆਂ ਨੂੰ ਨਿਹੰਗ ਸਿੰਘ ਫੌਜਾਂ ਨੇ ਜੰਗਜੂ ਕਰਤੱਬ ਦਿਖਾਏ। ਇਸ ਦੌਰਾਨ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਨਾਗਰ ਸਿੰਘ ਆਦਿ ਨੇ ਜੰਗਜੂ ਕਰਤੱਵ ਦਿਖਾਉਣ ਵਾਲੇ ਸਿੰਘਾਂ ਨੂੰ ਮੈਡਲ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ।