ਕਾਬੁਲ– ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਅੱਜ ਸਿਆਸੀ ਰੈਲੀ ’ਤੇ ਹੋਏ ਹਮਲੇ ਦੌਰਾਨ 26 ਵਿਅਕਤੀ ਮਾਰੇ ਗਏ ਜਦਕਿ 29 ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ 29 ਫਰਵਰੀ ਨੂੰ ਅਮਰੀਕਾ ਨੇ ਤਾਲਿਬਾਨ ਨਾਲ ਫ਼ੌਜ ਵਾਪਸੀ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਉਂਜ ਤਾਲਿਬਾਨ ਨੇ ਹਮਲੇ ਤੋਂ ਇਨਕਾਰ ਕੀਤਾ ਹੈ। ਹਮਲੇ ’ਚ ਅਫ਼ਗਾਨਿਸਤਾਨ ਦੇ ਸੀਈਓ ਅਬਦੁੱਲਾ ਅਬਦੁੱਲਾ ਸਮੇਤ ਕਈ ਅਹਿਮ ਹਸਤੀਆਂ ਵਾਲ ਵਾਲ ਬਚ ਗਈਆਂ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਸਾਰੇ ਅਧਿਕਾਰੀਆਂ ਅਤੇ ਹੋਰ ਹਸਤੀਆਂ ਨੂੰ ਸੁਰੱਖਿਅਤ ਮੌਕੇ ਤੋਂ ਕੱਢ ਲਿਆ ਗਿਆ ਸੀ।
ਹਜ਼ਾਰਾ ਕਬਾਇਲੀ ਗੁੱਟ ਦੇ ਸਿਆਸੀ ਆਗੂ ਅਬਦੁੱਲ ਅਲੀ ਮਜ਼ਾਰੀ ਦੀ ਯਾਦ ’ਚ ਸਮਾਗਮ ਦੌਰਾਨ ਇਹ ਹਮਲਾ ਹੋਇਆ। ਪਿਛਲੇ ਸਾਲ ਵੀ ਇਸੇ ਸਮਾਗਮ ਦੌਰਾਨ ਹਮਲਾ ਹੋਇਆ ਸੀ ਅਤੇ ਇਸਲਾਮਿਕ ਸਟੇਟ ਦੇ ਗੁੱਟ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਮਨੁੱਖਤਾ ਖ਼ਿਲਾਫ਼ ਅਪਰਾਧ ਹੈ।
ਅਮਰੀਕਾ ਅਤੇ ਤਾਲਿਬਾਨ ਵਿਚਕਾਰ ਹੋਏ ਸਮਝੌਤੇ ਤਹਿਤ ਤਾਲਿਬਾਨ ਨੇ ਇਸਲਾਮਿਕ ਸਟੇਟ ਜਿਹੀਆਂ ਜਹਾਦੀ ਤਾਕਤਾਂ ਨੂੰ ਕੰਟਰੋਲ ਕਰਕੇ ਅਫ਼ਗਾਨਿਸਤਾਨ ’ਚ ਸ਼ਾਂਤੀ ਲਿਆਉਣੀ ਹੈ ਪਰ ਜੇਕਰ ਅਜਿਹੇ ਗੁੱਟ ਕਤਲੋਗਾਰਤ ਮਚਾਉਂਦੇ ਰਹੇ ਤਾਂ ਅਮਰੀਕੀ ਫ਼ੌਜ ਦੀ ਵਾਪਸੀ ਮੁਸ਼ਕਲ ਹੋ ਜਾਵੇਗੀ।
HOME ਕਾਬੁਲ ’ਚ ਸਿਆਸੀ ਰੈਲੀ ਦੌਰਾਨ ਹਮਲਾ, 27 ਹਲਾਕ