ਆਰਬੀਆਈ ਨੇ ਸੰਕਟ ਦੇ ਫੌਰੀ ਹੱਲ ਦਾ ਦਿੱਤਾ ਭਰੋਸਾ;
ਐੱਸਬੀਆਈ ਨੇ ਨਿਵੇਸ਼ ਦੀ ਇੱਛਾ ਜਤਾਈ
ਆਰਬੀਆਈ ਵੱਲੋਂ ਯੈੱਸ ਬੈਂਕ ਨੂੰ ਆਪਣੇ ਅਧੀਨ ਕੀਤੇ ਜਾਣ ਮਗਰੋਂ ਖਾਤਾਧਾਰਕਾਂ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਆਪਣਾ ਪੈਸਾ ਕਢਵਾਉਣ ਲਈ ਬੈਂਕਾਂ ਦੇ ਬਾਹਰ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। ਅਜਿਹੇ ਮਾਹੌਲ ਨੂੰ ਦੇਖਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਖਾਤਾਧਾਰਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ ਅਤੇ ਕੇਂਦਰੀ ਬੈਂਕ ਸੰਕਟ ਦੇ ਫੌਰੀ ਹੱਲ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਆਰਬੀਆਈ ਦੇ ਸੰਪਰਕ ’ਚ ਹਨ ਅਤੇ ਗਵਰਨਰ ਨੇ ਇਸ ਦੇ ਤੇਜ਼ੀ ਨਾਲ ਨਿਪਟਾਰੇ ਦਾ ਭਰੋਸਾ ਦਿੱਤਾ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਕਿਹਾ ਕਿ ਖਾਤਾਧਾਰਕਾਂ ਦੇ ਪੈਸੇ ਦੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਖਾਤੇ ’ਚੋਂ 50 ਹਜ਼ਾਰ ਰੁਪਏ ਕਢਵਾਉਣ ਦੀ ਹੱਦ ਤੈਅ ਕਰਨ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਯੈੱਸ ਬੈਂਕ ਨੂੰ ਖੁਦ ਹੀ ਸੰਕਟ ਦੇ ਹੱਲ ਦਾ ਢੁਕਵਾਂ ਸਮਾਂ ਦਿੱਤਾ ਗਿਆ ਸੀ ਪਰ ਹੁਣ ਆਰਬੀਆਈ ਨੂੰ ਅੱਗੇ ਆਉਣਾ ਪਿਆ ਹੈ। ਆਰਬੀਆਈ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਨੇ ਸੰਕਟ ’ਚ ਘਿਰੇ ਯੈੱਸ ਬੈਂਕ ’ਚ ਨਿਵੇਸ਼ ਦੀ ਇੱਛਾ ਜਤਾਈ ਹੈ। ਉਨ੍ਹਾਂ ਕਿਹਾ ਕਿ ‘ਯੈੱਸ ਬੈਂਕ ਲਿਮਟਿਡ ਪੁਨਰਗਠਨ ਯੋਜਨਾ, 2020’ ਦੇ ਖਰੜੇ ’ਚ ਕਿਹਾ ਗਿਆ ਹੈ ਕਿ ਰਣਨੀਤਕ ਨਿਵੇਸ਼ਕ ਬੈਂਕ ਨੂੰ 49 ਫ਼ੀਸਦੀ ਹਿੱਸੇਦਾਰੀ ਲੈਣੀ ਹੋਵੇਗੀ। ਨਿਵੇਸ਼ਕ ਬੈਂਕ ਯੈੱਸ ਬੈਂਕ ’ਚ ਆਪਣੀ ਹਿੱਸੇਦਾਰੀ ਨੂੰ ਪੂੰਜੀ ਪਾਉਣ ਦੇ ਦਿਨ ਤੋਂ ਤਿੰਨ ਸਾਲ ਤਕ 26 ਫ਼ੀਸਦੀ ਤੋਂ ਹੇਠਾਂ ਨਹੀਂ ਲਿਆ ਸਕਦਾ ਹੈ। ਖਰੜੇ ’ਤੇ ਸ਼ੇਅਰਧਾਰਕਾਂ ਦੇ 9 ਮਾਰਚ ਤਕ ਪ੍ਰਤੀਕਰਮ ਮੰਗੇ ਗਏ ਹਨ। ਖਰੜੇ ’ਚ ਕਿਹਾ ਗਿਆ ਹੈ ਕਿ ਤੈਅ ਕੀਤੀ ਜਾਣ ਵਾਲੀ ਤਰੀਕ ਤੋਂ ਪ੍ਰਾਈਵੇਟ ਸੈਕਟਰ ਦੇ ਇਸ ਬੈਂਕ ਦੀ ਪੂੰਜੀ 5 ਹਜ਼ਾਰ ਕਰੋੜ ਰੁਪਏ ਹੋਵੇਗੀ ਅਤੇ ਬੈਂਕ ਦੇ ਸ਼ੇਅਰਾਂ ਦੀ ਗਿਣਤੀ 2400 ਕਰੋੜ ਰਹੇਗੀ ਅਤੇ ਇਨ੍ਹਾਂ ਦਾ ਮੁੱਲ ਦੋ ਰੁਪਏ ਪ੍ਰਤੀ ਸ਼ੇਅਰ ਹੋਵੇਗਾ। ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਕਿ ਆਰਬੀਆਈ ਵੱਲੋਂ ਜਿਹੜੇ ਵੀ ਕਦਮ ਉਠਾਏ ਜਾ ਰਹੇ ਹਨ ਉਹ ਖਾਤਾਧਾਰਕਾਂ, ਬੈਂਕਾਂ ਅਤੇ ਅਰਥਚਾਰੇ ਦੇ ਹਿੱਤ ’ਚ ਹਨ। ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਮੈਨ ਰਜਨੀਸ਼ ਕੁਮਾਰ ਨਾਲ ਬੈਠਕ ਮਗਰੋਂ ਵਿੱਤ ਮੰਤਰੀ ਨੇ ਕਿਹਾ ਕਿ ਕਿਸੇ ਵੀ ਖਾਤਾਧਾਰਕ ਦਾ ਪੈਸਾ ਡੁੱਬੇਗਾ ਨਹੀਂ। ਉਨ੍ਹਾਂ ਕਿਹਾ ਕਿ ਆਰਬੀਆਈ ਪਿਛਲੇ ਕੁਝ ਮਹੀਨਿਆਂ ਤੋਂ ਯੈੱਸ ਬੈਂਕ ਨੂੰ ਸੰਕਟ ’ਚੋਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਅਤੇ ਇਹ ਕਦਮ ਅਚਾਨਕ ਨਹੀਂ ਉਠਾਇਆ ਗਿਆ ਹੈ। ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਯੈੱਸ ਬੈਂਕ ਨੂੰ ਸੰਕਟ ’ਚੋਂ ਕੱਢਣ ਦਾ ਹੱਲ ਬਹੁਤ ਛੇਤੀ ਨਿਕਲੇਗਾ। ਉਨ੍ਹਾਂ ਕਿਹਾ ਕਿ ਇਹ ਬੈਂਕਿੰਗ ਸੈਕਟਰ ਦੀ ਨਹੀਂ ਸਗੋਂ ਇਕ ਬੈਂਕ ਦੀ ਸਮੱਸਿਆ ਹੈ ਅਤੇ ਆਰਬੀਆਈ ਵਿੱਤੀ ਸਥਿਰਤਾ ਯਕੀਨੀ ਬਣਾਉਣ ਲਈ ਸਾਰੇ ਕਦਮ ਉਠਾਏਗਾ। ਉਨ੍ਹਾਂ ਕਿਹਾ ਕਿ ਯੈੱਸ ਬੈਂਕ ’ਚ ਹਿੱਸੇਦਾਰ ਬਣਨ ਦੀ ਉਨ੍ਹਾਂ ਕੋਲ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਹੈ।