ਕਰੋਨਾਵਾਇਰਸ: ਫੌਜ ਵੱਲੋਂ ਨਵੇਂ ਕੈਂਪ ਸਥਾਪਤ ਕਰਨ ਦਾ ਫ਼ੈਸਲਾ

ਦੇਸ਼ ਵਿੱਚ ਕਰੋਨਾਵਾਇਰਸ ਦੀ ਜ਼ੱਦ ਵਿੱਚ ਆਉਣ ਵਾਲੇ ਲੋਕਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਭਾਰਤੀ ਫੌਜ ਨੇ ਪੀੜਤਾਂ ਨੂੰ ਹੋਰਨਾਂ ਨਾਲੋਂ ਵੱਖ ਰੱਖਣ ਲਈ ਵੱਖ ਵੱਖ ਥਾਵਾਂ ’ਤੇ ਨਵੇਂ ਆਰਜ਼ੀ ਕੈਂਪ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਕੈਂਪਾਂ ਵਿੱਚ 1500 ਦੇ ਕਰੀਬ ਲੋਕਾਂ ਨੂੰ ਰੱਖਣ ਦੀ ਸਹੂਲਤ ਹੋਵੇਗੀ। ਫ਼ੌਜ ਦੇ ਸੂਤਰਾਂ ਨੇ ਕਿਹਾ ਕਿ ਜਿਨ੍ਹਾਂ ਸੰਭਾਵੀ ਥਾਵਾਂ ’ਤੇ ਕੈਂਪ ਸਥਾਪਿਤ ਕੀਤੇ ਜਾਣਗੇ, ਉਨ੍ਹਾਂ ਵਿੱਚ ਜੈਸਲਮੇਰ, ਸੂਰਤਗੜ੍ਹ, ਸਿਕੰਦਰਾਬਾਦ, ਚੇਨੱਈ ਤੇ ਕੋਲਕਾਤਾ ਸ਼ਾਮਲ ਹਨ। ਇਸ ਦੌਰਾਨ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਮਲਾ ਮੰਤਰਾਲੇ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ 31 ਮਾਰਚ ਤਕ ਅਧਾਰ ਅਧਾਰਿਤ ਬਾਇਓਮੀਟਰਿਕ ਸਿਸਟਮ ਤਹਿਤ ਲਗਦੀ ਹਾਜ਼ਰੀ ਤੋਂ ਛੋਟ ਦੇ ਦਿੱਤੀ ਹੈ। ਹੁਕਮਾਂ ਮੁਤਾਬਕ ਮੁਲਾਜ਼ਮ ਹੁਣ ਹਾਜ਼ਰੀ ਰਜਿਸਟਰ ਵਿੱੱਚ ਹੱਥ ਨਾਲ ਆਪਣੀ ਹਾਜ਼ਰੀ ਲਾਉਣਗੇ। ਉਧਰ ਨੀਮ ਫੌਜੀ ਬਲਾਂ ਨੇ ਇਹਤਿਆਤ ਵਜੋਂ ਹੋਲੀ ਦੇ ਜਸ਼ਨਾਂ ਲਈ ਰੱਖੇ ਸਾਰੇ ਅਧਿਕਾਰਤ ਸਮਾਗਮ ਰੱਦ ਕਰ ਦਿੱਤੇ ਹਨ। ਦਿੱਲੀ ਵਿੱਚ ਅੱਜ ਇਕ ਨਵਾਂ ਕੇਸ ਸਾਹਮਣੇ ਆਉਣ ਨਾਲ ਕਰੋਨਾਵਾਇਰਸ ਪੀੜਤਾਂ ਦੀ ਗਿਣਤੀ 31 ਹੋ ਗਈ ਹੈ। ਸੂਤਰਾਂ ਮੁਤਾਬਕ ਫੌਜੀ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡਾਂ ਤੋਂ ਇਲਾਵਾ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਲਈ ਵੱਖਰੀਆਂ ਓਪੀਡੀ’ਜ਼ ਵੀ ਸਥਾਪਤ ਕੀਤੀਆਂ ਜਾਣਗੀਆਂ। ਫੌਜੀ ਹੈੱਡਕੁਆਰਟਰਾਂ ਨੇ ਕਿਹਾ ਕਿ ਸਰਵਿਸ ਹਸਪਤਾਲ ਮੁਕਾਮੀ ਸਿਵਲ ਮੈਡੀਕਲ ਅਥਾਰਿਟੀ ਤੇ ਨਿਰਧਾਰਿਤ ਆਈਸੀਐੱਮਆਰ ਲੈਬਜ਼ ਨਾਲ ਮਿਲ ਕੇ ਕੰਮ ਕਰਨਗੇ। ਉਧਰ ਸਰਕਾਰ ਨੇ ਅੱਜ ਕਿਹਾ ਕਿ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਉਥੋਂ ਕੱਢਣ ਲਈ ਉਹ ਇਰਾਨ ਸਰਕਾਰ ਦੇ ਸੰਪਰਕ ਵਿੱਚ ਹੈ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਤਿੰਨ ਸੌ ਦੇ ਕਰੀਬ ਭਾਰਤੀ ਨਾਗਰਿਕਾਂ, ਜਿਨ੍ਹਾਂ ਨੂੰ ਕਰੋਨਾਵਾਇਰਸ ਦਾ ਸ਼ੱਕੀ ਮਰੀਜ਼ ਮੰਨਿਆ ਜਾ ਰਿਹਾ ਹੈ, ਦੇ ਨਮੂਨੇ ਲੈ ਕੇ ਇਰਾਨ ਦਾ ਇਕ ਜਹਾਜ਼ ਦੇਰ ਰਾਤ ਕੌਮੀ ਰਾਜਧਾਨੀ ਪੁੱਜੇਗਾ। ਇਸ ਵਿਸ਼ੇਸ਼ ਉਡਾਣ ਵਿੱਚ ਕੋਈ ਮੁਸਾਫ਼ਰ ਸਵਾਰ ਨਹੀਂ ਹੋਵੇਗਾ ਅਤੇ ਵਾਪਸੀ ’ਤੇ ਭਾਰਤ ਵਿੱਚ ਫਸੇ ਇਰਾਨੀ ਆਪਣੇ ਮੁਲਕ ਮੁੜ ਜਾਣਗੇ।
ਇਸ ਦੌਰਾਨ ਥਾਈਲੈਂਡ ਦੀ ਯਾਤਰਾ ਤੋਂ ਪਰਤੇ ਵਿਅਕਤੀ ਨੂੰ ਕਰੋਨਾਵਾਇਰਸ ਦੀ ਲਾਗ ਲਈ ਪਾਜ਼ੇਟਿਵ ਪਾਏ ਜਾਣ ਮਗਰੋਂ ਉਸ ਦੇ ਸੱਤ ਪਰਿਵਾਰਕ ਮੈਂਬਰਾਂ ਨੂੰ ਪੱਛਮੀ ਦਿੱਲੀ ਸਥਿਤ ਉਨ੍ਹਾਂ ਦੇ ਘਰ ਵਿੱਚ ਹੋਰਨਾਂ ਨਾਲੋਂ ਅੱਡ ਰੱਖਣ ਲਈ ਆਖਿਆ ਗਿਆ ਹੈ। 25 ਸਾਲਾ ਵਿਅਕਤੀ ਹਾਲ ਹੀ ਵਿੱਚ ਮਲੇਸ਼ੀਆ ਗਿਆ ਸੀ ਤੇ ਉਸ ਨੂੰ ਕੋਵਿਡ-19 ਲਈ ਪਾਜ਼ੇਟਿਵ ਪਾਇਆ ਗਿਆ ਹੈ। ਇਸ ਨਵੇਂ ਕੇਸ ਨਾਲ ਕੌਮੀ ਰਾਜਧਾਨੀ ਵਿਚ ਕਰੋਨਾਵਾਇਰਸ ਦੀ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 3 ਹੋ ਗਈ ਹੈ। ਇਸ ਦੌਰਾਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸਾਰੀਆਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਭੇਜੇ ਇਕ ਪੱਤਰ ਵਿੱਚ ਕਰੋਨਾਵਾਇਰਸ ਦੇ ਮੱਦੇਨਜ਼ਰ ਵੱਡੇ ਇਕੱਠ ਨਾ ਕਰਨ ਦੀ ਤਾਕੀਦ ਕੀਤੀ ਹੈ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਕੀਤੀ ਖ਼ਤੋ-ਖਿਤਾਬਤ ਵਿੱਚ ਸਲਾਹ ਦਿੱਤੀ ਹੈ ਜਿਹੜੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਵਾਇਰਸ ਦੀ ਜ਼ੱਦ ਵਿੱਚ ਆਉਣ ਵਾਲੇ ਮੁਲਕਾਂ ਵਿੱਚ ਹਾਲੀਆ ਯਾਤਰਾ ਕੀਤੀ ਹੋਵੇ, ਉਨ੍ਹਾਂ ਨੂੰ 14 ਦਿਨਾਂ ਲਈ ਆਪੋ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਜਾਵੇ। ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਨੂੰ 7 ਮਾਰਚ ਤੋਂ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਥਰਮਲ ਸਕਰੀਨਿੰਗ ਦਾ ਘੇਰਾ ਵਧਾਉਂਦਿਆਂ ਇਹ ਸਹੂਲਤ ਹੁਣ ਦੇਸ਼ ਦੇ ਹੋਰ ਨੌਂ ਹਵਾਈ ਅੱਡਿਆਂ ’ਤੇ ਵੀ ਮਿਲੇਗੀ। ਇਸ ਤੋਂ ਪਹਿਲਾਂ ਇਹ ਸਹੂਲਤ 21 ਹਵਾਈ ਅੱਡਿਆਂ ’ਤੇ ਉਪਲੱਬਧ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਕਰੋਨਾਵਾਇਰਸ ਸੰਕਟ ਕਰਕੇ ਹਵਾਈ ਟਿਕਟਾਂ ਰੱਦ ਕਰਨ ਵਾਲੇ ਮੁਸਾਫ਼ਰਾਂ ਨੂੰ ਕੈਂਸੇਲੇਸ਼ਨ ਫੀਸ ਵਿੱਚ ਰਾਹਤ ਦੇਣ ਲਈ ਨਿੱਜੀ ਏਅਰਲਾਈਨਾਂ ਨੂੰ ਹਦਾਇਤਾਂ ਜਾਰੀ ਕਰੇਗਾ। ਕੌਮੀ ਕੈਰੀਅਰ ਏਅਰ ਇੰਡੀਆ ਪਹਿਲਾਂ ਹੀ ਕੈਂਸੇਲੇਸ਼ਨ ਫੀਸ ਮੁਆਫ਼ ਕਰ ਚੁੱਕੀ ਹੈ।

Previous articleਯੈੱਸ ਬੈਂਕ ’ਚ ਖਾਤਾਧਾਰਕਾਂ ਦਾ ਸਾਰਾ ਪੈਸਾ ਸੁਰੱਖਿਅਤ: ਸੀਤਾਰਾਮਨ
Next articleਜਸਟਿਸ ਮੁਰਲੀਧਰ ਦਾ ਸ਼ਾਨਦਾਰ ਸਵਾਗਤ