ਕਾਰ ਟਰਾਲੇ ਨਾਲ ਟਕਰਾਈ, ਟਰਾਲੇ ਦਾ ਡਰਾਈਵਰ ਫਰਾਰ
ਦਸੂਹਾ– ਇੱਥੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਵਿਆਹ ਸਮਾਗਮ ਤੋਂ ਪਰਤ ਰਹੇ ਬਰਾਤੀਆਂ ਦੀ ਕਾਰ 18 ਟਾਇਰਾਂ ਵਾਲੇ ਟਰਾਲੇ ਨਾਲ ਟਕਰਾਉਣ ਕਾਰਨ ਕਾਰ ਸਵਾਰ ਲਾੜੇ ਦੇ ਭਰਾ, ਜੀਜੇ ਤੇ ਮਾਸੜ ਸਮੇਤ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਅੱਜ ਸਵੇਰੇ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਪੈਂਦੇ ਪਿੰਡ ਮਾਨਗੜ੍ਹ ਪੁਲ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਲਾੜੇ ਦੇ ਭਰਾ ਰਾਜੇਸ਼ ਕੁਮਾਰ (23) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਫਤਹਿਪੁਰ ਜੋ ਫੌਜ ਵਿੱਚੋਂ ਛੁੱਟੀ ਲੈ ਕੇ ਭਰਾ ਦੇ ਵਿਆਹ ਵਿੱਚ ਸ਼ਰੀਕ ਹੋਣ ਆਇਆ ਸੀ, ਲਾੜੇ ਦਾ ਜੀਜਾ ਮਨਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ, ਲੁਧਿਆਣਾ ਲਾੜੇ ਦਾ ਮਾਸੜ ਸੁਰਜੀਤ ਕੁਮਾਰ (49) ਪੁੱਤਰ ਕਰਤਾਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਗੁਰਦਾਸਪੁਰ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਵਿੱਚ ਬਤੌਰ ਏ.ਐੱਸ.ਆਈ. ਤਾਇਨਾਤ ਸੀ ਤੇ ਲਾੜੇ ਦੇ ਮਾਮੇ ਦਾ ਲੜਕਾ ਰਜਿੰਦਰ ਸਿੰਘ (27) ਪੁੱਤਰ ਕੁਲਦੀਪ ਸਿੰਘ ਵਾਸੀ ਜਗਤਪੁਰ ਖੁਰਦ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਡੀਐੱਸਪੀ ਦਸੂਹਾ ਅਨਿਲ ਭਨੋਟ ਪੁਲੀਸ ਪਾਰਟੀ ਸਮੇਤ ਹਾਦਸੇ ਵਾਲੀ ਥਾਂ ’ਤੇ ਪੁੱਜੇ ਜਿਨ੍ਹਾਂ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਣ ਦਾ ਪ੍ਰਬੰਧ ਕੀਤਾ। ਜਾਣਕਾਰੀ ਮੁਤਾਬਕ ਮ੍ਰਿਤਕ ਲੰਘੀ ਸ਼ਾਮ ਗੁਰਦਾਸਪੁਰ ਵਿੱਚ ਬਰਾਤ ਲੈ ਕੇ ਗਏ ਸਨ। ਵਿਆਹ ਸਮਾਗਮ ਨਿਪਟਾਉਣ ਮਗਰੋਂ ਅੱਜ ਸਵੇਰੇ ਪਿੰਡ ਫਤਹਿਪੁਰ ਪਰਤਦਿਆਂ ਦਸੂਹਾ ਦੇ ਪਿੰਡ ਮਾਨਗੜ੍ਹ ਪੁਲ ਨੇੜੇ ਉਨ੍ਹਾਂ ਦੀ ਵਰਨਾ ਕਾਰ ਦੀ ਹੁਸ਼ਿਆਰਪੁਰ ਵੱਲੋਂ ਆ ਰਹੇ ਟਰਾਲਾ ਨਾਲ ਟੱਕਰ ਹੋ ਗਈ। ਡੀ.ਐੱਸ.ਪੀ. ਦਸੂਹਾ ਅਨਿਲ ਭਨੋਟ ਅਤੇ ਕਾਰਜਕਾਰੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਟਰਾਲਾ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।