ਮ੍ਰਿਤਕਾਂ ਦੀ ਗਿਣਤੀ 42 ਹੋਈ; ਉਪ ਰਾਜਪਾਲ ਵੱਲੋਂ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ
ਦਿੱਲੀ ’ਚ ਪਿਛਲੇ ਦਿਨੀਂ ਹੋਈ ਫਿਰਕੂ ਹਿੰਸਾ ਮਗਰੋਂ ਹੁਣ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਹਨ। ਹਿੰਸਾਗ੍ਰਸਤ ਇਲਾਕਿਆਂ ’ਚ ਸ਼ਾਂਤੀ ਦਾ ਮਾਹੌਲ ਬਣਦਾ ਜਾ ਰਿਹਾ ਹੈ। ਹੌਲੀ-ਹੌਲੀ ਦੁਕਾਨਾਂ ਅਤੇ ਹੋਰ ਅਦਾਰੇ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਲੋਕ ਕੰਮਾਂ-ਕਾਰਾਂ ਨੂੰ ਜਾਂਦੇ ਨਜ਼ਰ ਆਏ ਅਤੇ ਨਿੱਜੀ ਗੱਡੀਆਂ ਵੀ ਸੜਕਾਂ ਉਪਰ ਚੱਲਣ ਲੱਗ ਪਈਆਂ ਹਨ। ਨਿਗਮ ਮੁਲਾਜ਼ਮਾਂ ਨੇ ਫਿਰਕੂ ਹਿੰਸਾ ਮਗਰੋਂ ਪ੍ਰਭਾਵਿਤ ਇਲਾਕਿਆਂ ’ਚੋਂ ਮਲਬਾ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਜੁਮੇ ਦੀ ਨਮਾਜ਼ ਸਮੇਂ ਮਸਜਿਦਾਂ ’ਚੋਂ ਸ਼ਾਂਤੀ ਦੀ ਅਪੀਲ ਕੀਤੀ ਗਈ। ਫਿਰਕੂ ਹਿੰਸਾ ਦੌਰਾਨ ਜ਼ਖ਼ਮੀ ਹੋਏ ਚਾਰ ਹੋਰ ਵਿਅਕਤੀਆਂ ਦੀ ਜੀਟੀਬੀ ਹਸਪਤਾਲ ’ਚ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਇਕੱਲੇ ਗੁਰੂ ਤੇਗ ਬਹਾਦਰ ਹਸਪਤਾਲ ’ਚ 38 ਵਿਅਕਤੀਆਂ ਨੇ ਦਮ ਤੋੜਿਆ ਹੈ।
ਉਪ ਰਾਜਪਾਲ ਅਨਿਲ ਬੈਜਲ ਨੇ ਅੱਜ ਯਮੁਨਾ ਪਾਰ ਦੇ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਪਿਛਲੇ ਐਤਵਾਰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧੀਆਂ ਅਤੇ ਹਮਾਇਤੀਆਂ ਦਰਮਿਆਨ ਹਿੰਸਕ ਝੜਪਾਂ ਮਗਰੋਂ ਬਹੁਤ ਤਬਾਹੀ ਮੱਚੀ ਸੀ। ਸ੍ਰੀ ਬੈਜਲ ਨੇ ਮੌਜਪੁਰ ਇਲਾਕੇ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨਾਲ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ।
ਪੁਲੀਸ ਤੇ ਅਰਧ ਸੈਨਿਕ ਬਲਾਂ ਵੱਲੋਂ ਅੱਜ ਜੁਮੇ ਦੀ ਨਮਾਜ਼ ਮੌਕੇ ਵਾਧੂ ਚੌਕਸੀ ਰੱਖੀ ਗਈ ਅਤੇ ਮਸਜਿਦਾਂ ਦੇ ਬਾਹਰ ਪਹਿਰਾ ਦਿੱਤਾ ਗਿਆ। ਮਸਜਿਦਾਂ ’ਚੋਂ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ’ਤੇ ਯਕੀਨ ਨਾ ਕਰਨ ਅਤੇ ਪੁਲੀਸ ਨੂੰ ਸਹਿਯੋਗ ਦੇਣ ਲਈ ਕਿਹਾ।
ਨਵੇਂ ਪੁਲੀਸ ਕਮਿਸ਼ਨਰ ਦੀ ਤਾਇਨਾਤੀ: ਉਧਰ ਹਾਲਾਤ ਸੁਧਰਨ ’ਤੇ ਦਫ਼ਾ 144 ਤਹਿਤ ਲਗਾਈਆਂ ਗਈਆਂ ਪਾਬੰਦੀਆਂ ’ਚ 10 ਘੰਟਿਆਂ ਦੀ ਢਿੱਲ ਦਿੱਤੀ ਗਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਅਫ਼ਵਾਹਾਂ ਨੂੰ ਰੋਕਣ ਲਈ ਵਾਧੂ ਉਪਰਾਲੇ ਕਰ ਰਹੇ ਹਨ। ਐਤਵਾਰ ਤੋਂ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਜਾ ਰਹੇ ਐੱਸ ਐੱਨ ਸ੍ਰੀਵਾਸਤਵ ਨੇ ਕਿਹਾ,‘‘ਮੇਰਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਲੋਕ ਸੁਰੱਖਿਅਤ ਮਹਿਸੂਸ ਕਰਨ ਅਤੇ ਪੁਲੀਸ ਉਨ੍ਹਾਂ ਨਾਲ ਹੈ।’’ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ 300 ਤੋਂ ਵਧ ਸ਼ਾਂਤੀ ਬੈਠਕਾਂ ਹੋ ਚੁੱਕੀਆਂ ਹਨ। ਸ੍ਰੀਵਾਸਤਵ ਨੂੰ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਤੋਂ ਲਿਆ ਕੇ ਹਿੰਸਾ ਤੋਂ ਬਾਅਦ ਦਿੱਲੀ ਪੁਲੀਸ ਦਾ ਵਿਸ਼ੇਸ਼ ਕਮਿਸ਼ਨਰ (ਲਾਅ ਐਂਡ ਆਰਡਰ) ਨਿਯੁਕਤ ਕੀਤਾ ਗਿਆ ਸੀ।
500 ਵਾਹਨ ਅਤੇ 79 ਘਰ ਨੁਕਸਾਨੇ ਗਏ: ਤਿੰਨ ਦਿਨ ਹੋਈ ਹਿੰਸਾ ਦੌਰਾਨ ਕਰੀਬ 500 ਵਾਹਨ ਅਤੇ 79 ਘਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਫਾਇਰ ਵਿਭਾਗ ਦੇ ਅੰਕੜਿਆਂ ਮੁਤਾਬਕ ਦੰਗਾਕਾਰੀਆਂ ਨੇ 52 ਦੁਕਾਨਾਂ, ਤਿੰਨ ਫੈਕਟਰੀਆਂ ਅਤੇ ਦੋ ਸਕੂਲਾਂ ਤੋਂ ਇਲਾਵਾ ਧਾਰਮਿਕ ਥਾਵਾਂ ਨੂੰ ਵੀ ਸਾੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗਜ਼ਨੀ ਦੇ 218 ਫੋਨ ਆਏ ਸਨ।
ਮੌਲਾਣਾ ਨੇ ਜੁਡੀਸ਼ਲ ਜਾਂਚ ਮੰਗੀ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਮੌਲਾਣਾ ਖਾਲਿਦ ਰਾਸ਼ਿਦ ਫਿਰੰਗੀ ਮਹਾਲੀ ਨੇ ਦਿੱਲੀ ਦੰਗਿਆਂ ਦੀ ਜੁਡੀਸ਼ਲ ਜਾਂਚ ਮੰਗੀ ਹੈ। ਲਖਨਊ ’ਚ ਉਨ੍ਹਾਂ ਕਿਹਾ ਕਿ ਦੰਗਿਆਂ ਕਾਰਨ ਮੁਲਕ ਦੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਭਾਸ਼ਨਾਂ ਰਾਹੀਂ ਜ਼ਹਿਰ ਉਗਲਣ ਵਾਲੇ ਸਿਆਸੀ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਸਾਬਕਾ ਕਾਂਗਰਸੀ ਕੌਂਸਲਰ ਦੀ ਜ਼ਮਾਨਤ ਅਰਜ਼ੀ ਰੱਦ: ਖਜੂਰੀ ਖਾਸ ਇਲਾਕੇ ’ਚ ਹੋਈ ਹਿੰਸਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ ਜਹਾਂ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਅੱਜ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਇਸ਼ਰਤ ਜਹਾਂ ਦੀ ਅਗਵਾਈ ਹੇਠ ਭੀੜ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਰੋਸ ਜਤਾ ਰਹੀ ਸੀ। ਪੁਲੀਸ ਨੇ ਜਦੋਂ ਇਨ੍ਹਾਂ ਨੂੰ ਸੜਕ ਖਾਲੀ ਕਰਨ ਲਈ ਕਿਹਾ ਸੀ ਤਾਂ ਭੜਕੀ ਭੀੜ ਨੇ ਇਸ਼ਰਤ ਜਹਾਂ ਦੀ ਸ਼ਹਿ ’ਤੇ ਪੁਲੀਸ ਮੁਲਾਜ਼ਮਾਂ ਉਪਰ ਪਥਰਾਅ ਸ਼ੁਰੂ ਕਰ ਦਿੱਤਾ ਸੀ।