ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਅਰਥਚਾਰਾ ਸੰਕਟ ਵਿੱਚ ਨਹੀਂ ਹੈ ਤੇ ਇਸ ਦੀ ਮਜ਼ਬੂਤੀ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਸਾਫ਼ ਦਿਖਾਈ ਦੇ ਰਹੇ ਹਨ ਅਤੇ ਦੇਸ਼ 5 ਅਰਬ ਦਾ ਅਰਥਚਾਰਾ ਬਣਨ ਵੱਲ ਵਧ ਰਿਹਾ ਹੈ। ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਤੇ ਫੈਕਟਰੀਆਂ ਦੇ ਉਤਪਾਦਨ ਵਿੱਚ ਵਾਧਾ ਅਤੇ ਪਿਛਲੇ ਤਿੰਨ ਮਹੀਨਿਆਂ ਵਿੱਚ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਜੀਐਸਟੀ ਇਕੱਠਾ ਹੋਣਾ ਅਰਥਚਾਰੇ ਦੇ ਅੱਗੇ ਵਧਣ ਦੇ ਸੰਕੇਤ ਹਨ। ਉਹ ਲੋਕ ਸਭਾ ਵਿੱਚ ਕੇਂਦਰੀ ਬਜਟ ’ਤੇ ਬਹਿਸ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘ਇੱਥੇ ਸੱਤ ਮਹੱਤਵਪੂਰਨ ਸੰਕੇਤਕ ਹਨ ਜੋ ਦਰਸਾਉਂਦੇ ਹਨ ਕਿ ਆਰਥਿਕਤਾ ਅੱਗੇ ਵਧ ਰਹੀ ਹੈ… ਅਰਥਚਾਰਾ ਮੁਸੀਬਤ ਵਿੱਚ ਨਹੀਂ ਹੈ। “ ਸੰਕੇਤਕਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ੀ ਮੁੰਦਰਾ(ਭੰਡਾਰ) ਸਭ ਤੋਂ ਉੱਪਰਲੇ ਪੱਧਰ ’ਤੇ ਹੈ ਅਤੇ ਸਟਾਕ ਮਾਰਕਿਟ ਉਪਰ ਚੜ੍ਹ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਸਤਾਂ ਅਤੇ ਸੇਵਾ ਕਰ ਰਾਹੀਂ ਜਨਵਰੀ 2020 ਵਿੱਚ ਇਕੱਠਾ ਹੋਇਆ ਕੁੱਲ ਮਾਲੀਆ 12 ਫੀਸਦੀ ਸੀ ਜੋ ਨਵੰਬਰ 2019 ਵਿੱਚ 6 ਫੀਸਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ 2024-25 ਤਕ ਬੁਨਿਆਦੀ ਢਾਂਚੇ ’ਤੇ 103 ਲੱਖ ਕਰੋੜ ਰੁਪਏ ਨਿਵੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਰਾਮਦ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕ ਰਹੀ ਹੈ।
ਵਿੱਤ ਮੰਤਰੀ ਨੇ ਯੂਪੀਏ ਸ਼ਾਸਨ ਦੌਰਾਨ ਵਿੱਤੀ ਘਾਟੇ ਦਾ ਜ਼ਿਕਰ ਕਰਦਿਆਂ ਕਾਂਗਰਸ ਨੇਤਾ ਪੀ ਚਿਦੰਬਰਮ ’ਤੇ ਹਮਲਾ ਬੋਲਿਆ। ਚਿਦੰਬਰਮ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਕਿਹਾ ਸੀ ਕਿ ‘ਅਰਥਚਾਰਾ ਖਤਰਨਾਕ ਸਥਿਤੀ ’ਚ ਦਮ ਤੋੜਨ ਕਿਨਾਰੇ ਹੈ’ ਤੇ ਇਸ ਦਾ ਇਲਾਜ ਅਯੋਗ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਤੋਂ ਸਿੱਖਣ ਦੀ ਲੋੜ ਨਹੀਂ ਜੋ ਗਲਤ ਇਲਾਜ ਦੱਸਦੇ ਹਨ ਅਤੇ ਜਿਨ੍ਹਾਂ ਦੇ ਸਮੇਂ ਵਿੱਚ ਵਿਦੇਸ਼ੀ ਨਿਵੇਸ਼ਕ ਭੱਜ ਗਏ ਅਤੇ ਅਖੌਤੀ ਲੋਕ ਬੈਂਕ ਘੁਟਾਲਾ ਕਰ ਕੇ ਮੁਲਕ ਤੋਂ ਉਡਾਰੀ ਮਾਰ ਗਏ। ਉਨ੍ਹਾਂ ਕਿਹਾ ਕਿ ਚਿਦੰਬਰਮ ਦੇ ਭਾਸ਼ਣ ਵਿੱਚ ਤੱਥ ਤੋਂ ਜ਼ਿਆਦਾ ਵਿਅੰਗ ਸੀ।
INDIA ਅਰਥਚਾਰਾ ਸੰਕਟ ਵਿੱਚ ਨਹੀਂ: ਸੀਤਾਰਾਮਨ