ਬੈਡਮਿੰਟਨ: ਭਾਰਤ ਨੇ ਕਜ਼ਾਕਿਸਤਾਨ ਨੂੰ ਹਰਾਇਆ

ਕਿਦੰਬੀ ਸ਼੍ਰੀਕਾਂਤ ਨੇ ਏਸ਼ੀਆ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਹਿਲੇ ਗਰੁੱਪ ਮੈਚ ਵਿੱਚ ਕਜ਼ਾਕਿਸਤਾਨ ਨੂੰ 4-1 ਨਾਲ ਮਾਤ ਦੇ ਕੇ, ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਸਾਬਕਾ ਵਿਸ਼ਵ ਨੰਬਰ ਇਕ ਸ਼੍ਰੀਕਾਂਤ ਤੋਂ ਇਲਾਵਾ ਲਕਸ਼ਿਆ ਸੇਨ ਅਤੇ ਸ਼ੁਭੰਕਰ ਡੇ ਨੇ ਆਪਣੇ ਸਿੰਗਲ ਮੈਚ ਆਸਾਨੀ ਨਾਲ ਜਿੱਤੇ। ਸ੍ਰੀਕਾਂਤ ਨੇ 23 ਮਿੰਟ ’ਚ ਦਮਿਤ੍ਰੀ ਪੈਨਰਿਨ ਨੂੰ 21-10, 21-7 ਨਾਲ ਹਰਾਇਆ।
ਇਸੇ ਦੌਰਾਨ ਸੇਨ ਨੇ ਆਰਥਰ ਨਿਆਜ਼ੋਵ ਨੂੰ 21 ਮਿੰਟਾਂ ਵਿਚ 21-13, 21-8 ਨਾਲ ਮਾਤ ਦਿੱਤੀ। ਸ਼ੁਭੰਕਰ ਡੇ ਨੇ ਖੈਤਮੂਰਤ ਕੁਲਮਾਤੋਵ ਨੂੰ 21-11, 21-5 ਨਾਲ ਹਰਾਇਆ। ਵਿਸ਼ਵ ਚੈਂਪੀਅਨਸ਼ਿਪ ਕਾਂਸੀ ਦਾ ਤਗਮਾ ਜੇਤੂ ਬੀ ਸਾਈ ਪ੍ਰਨੀਤ ਅਤੇ ਚਿਰਾਗ ਸ਼ੈੱਟੀ ਨੂੰ ਕਜ਼ਾਕਿਸਤਾਨ ਦੇ ਨਿਆਜ਼ੋਵ ਅਤੇ ਪਨਾਰੀਨ ਤੋਂ ਡਬਲਜ਼ ਵਰਗ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਐਮਆਰ ਅਰਜੁਨ ਅਤੇ ਧਰੁਵ ਕਪਿਲਾ ਨੇ ਕਜ਼ਾਕਿਸਤਾਨ ਦੀ ਕੁਲਮਤੋਵ ਅਤੇ ਨਿਕਿਤਾ ਬ੍ਰਾਜ਼ੀਨ ਨੂੰ 21-14, 21-8 ਨਾਲ ਹਰਾਇਆ। ਚਾਰ ਸਾਲ ਪਹਿਲਾਂ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਇੰਡੋਨੇਸ਼ੀਆ ਤੇ ਮੇਜ਼ਬਾਨ ਫਿਲਪੀਨ ਦੇ ਨਾਲ ਗਰੁੱਪ-ਏ ਵਿੱਚ ਰੱਖਿਆ ਗਿਆ ਸੀ ਪਰ ਚੀਨ ਅਤੇ ਹਾਂਗਕਾਂਗ ਦੇ ਨਾ ਖੇਡਣ ਤੋਂ ਬਾਅਦ ਇਹ ਡਰਾਅ ਦੁਬਾਰਾ ਕੱਢਿਆ ਗਿਆ ਸੀ। ਇਸ ਵਿਚ ਭਾਰਤ ਨੂੰ ਮਲੇਸ਼ੀਆ ਅਤੇ ਕਜ਼ਾਕਿਸਤਾਨ ਦੇ ਨਾਲ ਗਰੁੱਪ-ਬੀ ਵਿੱਚ ਰੱਖਿਆ ਗਿਆ ਹੈ। ਚੋਟੀ ਦੀਆਂ ਦੋ ਟੀਮਾਂ ਕੁਆਰਟਰ ਫਾਈਨਲ ਖੇਡਣਗੀਆਂ। ਭਾਰਤੀ ਟੀਮ ਨੇ ਵੀਰਵਾਰ ਨੂੰ ਮਲੇਸ਼ੀਆ ਨਾਲ ਖੇਡਣਾ ਹੈ। ਕੋਰੋਨਾਵਾਇਰਸ ਦੇ ਫੈਲਣ ਦੇ ਡਰ ਕਾਰਨ ਭਾਰਤੀ ਮਹਿਲਾ ਟੀਮ ਇਸ ਟੂਰਨਾਮੈਂਟ ਵਿਚ ਨਹੀਂ ਖੇਡ ਰਹੀ।

Previous articleਵਾਦੀ ’ਚ ਮੋਬਾਈਲ ਇੰਟਰਨੈੱਟ ਬੰਦ ਕਰਨ ਮਗਰੋਂ ਮੁੜ ਬਹਾਲ
Next articleਅਰਥਚਾਰਾ ਸੰਕਟ ਵਿੱਚ ਨਹੀਂ: ਸੀਤਾਰਾਮਨ