ਜੋਗਾ- ਸ਼ਹਿਰ ਜੋਗਾ ਦੀ ਵਾਟਰ ਵਰਕਸ ਵਾਲੀ ਅਨਾਜ ਮੰਡੀ ਵਿੱਚ ਅੱਜ ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਹਿਲੇ ਦਿਨ ਦੀਵਾਨ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੇ ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਦੋ ਘੰਟੇ ਸੰਗਤ ਨੂੰ ਆਪਣੇ ਢੰਗ ਨਾਲ ਸਿੱਖ ਇਤਿਹਾਸ ਬਾਰੇ ਜਾਗਰੂਕ ਕੀਤਾ। ਪੁਲੀਸ ਦੇ ਸਖ਼ਤ ਪ੍ਰਬੰਧਾਂ ਅਤੇ ਚੌਕਸੀ ਕਰਕੇ ਕੋਈ ਵੀ ਵਿਰੋਧੀ ਜੋਗਾ ਨਹੀਂ ਪੁੱਜਿਆ।
ਦੂਜੇ ਪਾਸੇ ਕਥਾਵਾਚਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਦਮਦਮੀ ਟਕਸਾਲ ਨੂੰ ਸੱਦਾ ਦਿੱਤਾ ਕਿ ਉਹ ਉਨ੍ਹਾਂ ਦਾ ਵਿਰੋਧ ਕਰਨ ਦੀ ਥਾਂ ਸਿੱਖੀ ਦਾ ਪ੍ਰਚਾਰ ਕਰਨ। ਉਨ੍ਹਾਂ ਐਲਾਨ ਕੀਤਾ ਕਿ ਉਹ ਟਕਰਾਅ ਜਾਂ ਲੜਾਈ ਕਰ ਕੇ ਬੰਦੇ ਨਹੀਂ ਮਰਵਾਉਣਾ ਚਾਹੁੰਦੇ। ਉਹ ਸਟੇਜਾਂ ਛੱਡ ਦੇਣਗੇ ਪਰ ਸਿੱਖੀ ਦਾ ਪ੍ਰਚਾਰ ਨਹੀਂ ਛੱਡਣਗੇ।
ਭਾਈ ਢੱਡਰੀਆਂਵਾਲੇ ਨੇ ਕਿਹਾ, ‘‘ਮੈਂ ਕਦੇ ਵੀ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਨਹੀਂ ਕੀਤਾ ਸਗੋਂ ਸਿੱਖੀ ਦਾ ਸੱਚਾ ਪ੍ਰਚਾਰ ਕਰਨ ਸਮੇਂ ਸੱਚ ਬੋਲਿਆ ਹੈ। ਮੇਰੇ ’ਤੇ ਦੋਸ਼ ਲਾਉਣ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਉਹ ਆਪਣੀ ਸੁਰੱਖਿਆ ਦੀ ਪ੍ਰਵਾਹ ਨਹੀਂ ਕਰਦੇ ਪਰ ਆਮ ਆਦਮੀ ਦਾ ਨੁਕਸਾਨ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜੋ ਲੋਕ ਅੱਜ ਸਾਡਾ ਵਿਰੋਧ ਕਰਦੇ ਹਨ ਅਤੇ ਖ਼ੁਦ ਨੂੰ ਸਿੱਖੀ ਦਾ ਮਸੀਹਾ ਦੱਸਦੇ ਹਨ ਪਰ ਸੰਗਤ ਜਾਣਦੀ ਹੈ ਕਿ ਅਸਲੀ ਸਿੱਖ ਕੌਣ ਹੈ ਤੇ ਪੰਥ ਦਾ ਗੱਦਾਰ ਕੌਣ ਹੈ।
ਦੂਜੇ ਪਾਸੇ ਇਨ੍ਹਾਂ ਦੀਵਾਨਾਂ ਨੂੰ ਲੈ ਕੇ ਲੋਕਾਂ ’ਚ ਦਹਿਸ਼ਤ ਬਣੀ ਹੋਈ ਸੀ ਜਿਸ ਕਰਕੇ ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਡਾ. ਨਰਿੰਦਰ ਭਾਰਗਵ ਦੀ ਅਗਵਾਈ ’ਚ ਪੁਲੀਸ ਨੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਜੋਗਾ ਸ਼ਹਿਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਦੀਵਾਨਾਂ ਵਾਲੀ ਸਟੇਜ ਦੇ ਨੇੜੇ ਫਾਇਰ ਬ੍ਰਿਗੇਡ, ਅੱਥਰੂ ਗੈਸ ਵਾਹਨ ਸਣੇ 1758 ਪੁਲੀਸ ਕਰਮਚਾਰੀਆਂ ਨੇ ਅਨਾਜ ਮੰਡੀ ਸ਼ਹਿਰ ਜੋਗਾ ਨੂੰ ਘੇਰਾ ਪਾਇਆ ਹੋਇਆ ਸੀ। ਜ਼ਿਲ੍ਹਾ ਪੁਲੀਸ ਦੇ ਐੱਸ.ਪੀ.ਡੀ ਸੁਰਿੰਦਰ ਕੁਮਾਰ ਸ਼ਰਮਾ, ਐੱਸ.ਪੀ. ਐੱਚ. ਸਤਨਾਮ ਸਿੰਘ ਤੇ ਨਾਇਬ ਤਹਿਸੀਲਦਾਰ ਜੀਵਨ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲੀਸ ਮੁਲਾਜ਼ਮ ਚੌਕਸ ਰਹੇ।
INDIA ਦੋਸ਼ ਲਾਉਣ ਵਾਲੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ: ਢੱਡਰੀਆਂਵਾਲਾ