ਕਾਂਗਰਸ ਦੇ 4100 ਕਰੋੜ ਦੇ ਘਪਲੇ ਕਾਰਨ ਪੰਜਾਬ ’ਚ ਬਿਜਲੀ ਮਹਿੰਗੀ ਹੋਈ: ਮਜੀਠੀਆ

ਸਮਰਾਲਾ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਪੰਜਾਬ ’ਚ ਬਿਜਲੀ ਸਭ ਤੋਂ ਮਹਿੰਗੀ ਹੋਣ ਪਿੱਛੇ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਟਾਂ ਨਾਲ ਮਿਲ ਕੇ ਕੀਤਾ ਗਿਆ 4100 ਕਰੋੜ ਰੁਪਏ ਦਾ ਘਪਲਾ ਹੈ। ਇਸ ਘਪਲੇ ਕਾਰਨ ਹੀ ਸਰਕਾਰ ਜਾਣਬੁੱਝ ਕੇ ਥਰਮਲ ਪਲਾਂਟਾਂ ਦਾ ‘ਕੋਲ ਵਾਸ਼ਿੰਗ’ ਕੇਸ ਵੀ ਹਾਰ ਗਈ ਹੈ ਜਿਸ ਦਾ ਖਮਿਆਜ਼ਾ ਸੂਬੇ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸ੍ਰੀ ਮਜੀਠੀਆ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਿੱਲੀ ਚੋਣਾਂ ’ਚ ਪ੍ਰਚਾਰ ਮੌਕੇ ਸੂਬੇ ਦੀ ਝੂਠੀ ਤਸਵੀਰ ਪੇਸ਼ ਕਰਨ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਦਿੱਲੀ ਜਾ ਕੇ ਪੰਜਾਬ ਵਿੱਚ 5500 ਸਮਾਰਟ ਸਕੂਲ ਬਣਾਉਣ ਦਾ ਦਾਅਵਾ ਕਰਕੇ ਆਏ ਕੈਪਟਨ ਜੇਕਰ ਸੂਬੇ ’ਚ ਬਣਾਏ ਸਿਰਫ 55 ਸਮਾਰਟ ਸਕੂਲਾਂ ਦੀ ਸੂਚੀ ਹੀ ਦੇ ਦੇਣ ਤਾਂ ਵੀ ਲੋਕ ਉਨ੍ਹਾਂ ਦਾ ਸਨਮਾਨ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਸਚਾਈ ਤਾਂ ਇਹ ਹੈ ਕਿ ਕੈਪਟਨ ਦੇ ਤਿੰਨ ਸਾਲ ਦੇ ਰਾਜ ਵਿੱਚ ਸਿਰਫ ਕਾਂਗਰਸ ਦੇ 80 ਵਿਧਾਇਕ ਹੀ ਸਮਾਰਟ ਬਣੇ ਹਨ, ਉਸ ਤੋਂ ਇਲਾਵਾ ਕੁਝ ਵੀ ਨਹੀਂ ਹੋਇਆ। ਉਨ੍ਹਾਂ 11 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਬਿਆਨ ’ਤੇ ਵੀ ਮੁੱਖ ਮੰਤਰੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਸਭ ਤੋਂ ਵੱਡਾ ਝੂਠਾ ਦੱਸਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜ਼ਿਲ੍ਹਾ ਵਾਰ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀਆਂ ਸੂਚੀਆਂ ਜਾਰੀ ਕਰੇ। ਸ੍ਰੀ ਮਜੀਠੀਆ ਨੇ ਕਿਹਾ ਕਿ ਸਰਕਾਰ ਗਰੀਬਾਂ ਨੂੰ ਸਹੂਲਤਾਂ ਦੇਣ ਮੌਕੇ ਖਜ਼ਾਨਾ ਖਾਲੀ ਹੋਣ ਦਾ ਡਰਾਮਾ ਕਰਦੀ ਹੈ ਜਦਕਿ ਆਪਣੇ ਮੰਤਰੀਆਂ-ਸੰਤਰੀਆਂ ’ਤੇ ਤਾਂ ਖੁੱਲ੍ਹਦਿਲੀ ਨਾਲ ਖ਼ਜ਼ਾਨਾ ਲੁਟਾ ਰਹੀ ਹੈ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਤਲਵੰਡੀ, ਦਰਸ਼ਨ ਸਿੰਘ ਸ਼ਿਵਾਲਿਕ, ਅਮਰੀਕ ਸਿੰਘ ਢਿੱਲੋਂ ਆਦਿ ਸਮੇਤ ਵੱਡੀ ਗਿਣਤੀ ’ਚ ਆਗੂ ਅਤੇ ਵਰਕਰ ਹਾਜ਼ਰ ਸਨ।

Previous articleਦੋਸ਼ ਲਾਉਣ ਵਾਲੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ: ਢੱਡਰੀਆਂਵਾਲਾ
Next articleਰਾਜਨੀਤੀ ਵਿਚ ਜਾਤੀਵਾਦ ਤੇ ਪਰਿਵਾਰਵਾਦ ਕਦੋਂ ਖਤਮ ਹੋਵੇਗਾ?