ਕਪਤਾਨ ਰਾਣੀ ਰਾਮਪਾਲ ਦੇ ਗੋਲ ਦੀ ਬਦੌਲਤ ਭਾਰਤ ਨੇ ਮੌਜੂਦਾ ਦੌਰੇ ਦੇ ਚੌਥੇ ਮੈਚ ’ਚ ਅੱਜ ਇੱਥੇ ਬਰਤਾਨੀਆ ਨੂੰ 1-0 ਨਾਲ ਹਰਾ ਦਿੱਤਾ। ਰਾਣੀ ਨੇ ਮੈਚ ਦੇ 47ਵੇਂ ਮਿੰਟ ’ਚ ਗੋਲ ਕੀਤਾ ਜੋ ਇਸ ਮੁਕਾਬਲੇ ਦਾ ਇਕਲੌਤਾ ਗੋਲ ਸਾਬਤ ਹੋਇਆ। ਇਸ ਦੌਰੇ ਦੇ ਸ਼ੁਰੂਆਤੀ ਮੈਚ ’ਚ ਨਿਊਜ਼ੀਲੈਂਡ ਦੀ ਡਿਵੈਲਮੈਂਟ ਟੀਮ ਖ਼ਿਲਾਫ਼ ਜਿੱਤ ਦਰਜ ਕਰਨ ਮਗਰੋਂ ਭਾਰਤੀ ਟੀਮ ਉਨ੍ਹਾਂ ਦੀ ਸੀਨੀਅਰ ਟੀਮ ਖਿਲਾਫ਼ ਦੋ ਮੈਚ ਹਾਰ ਗਈ ਸੀ। ਟੀਮ ਨੇ ਅੱਜ ਦਾ ਮੁਕਾਬਲਾ ਪੂਰਾ ਜ਼ੋਰ ਲਗਾ ਕੇ ਖੇਡਿਆ ਅਤੇ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ਼ ਅਪਣਾਈ ਰੱਖਿਆ। ਟੀਮ ਨੂੰ ਇਸ ਦਾ ਫਾਇਦਾ ਵੀ ਹੋਇਆ ਪਰ ਉਹ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ’ਚ ਕਾਮਯਾਬ ਨਹੀਂ ਹੋਇਆ। ਟੀਮ ਦੀ ਰੱਖਿਆ ਕਤਾਰ ’ਚ ਵੀ ਚੰਗਾ ਤਾਲਮੇਲ ਦਿਖਾਈ ਦਿੱਤਾ ਅਤੇ ਖਿਡਾਰੀਆਂ ਨੇ ਬਿਹਤਰ ਢੰਗ ਨਾਲ ਇੱਕ ਦੂਜੇ ਨੂੰ ਪਾਸ ਦਿੱਤੇ। ਪਹਿਲੇ ਤਿੰਨ ਕੁਆਰਟਰ ਗੋਲ ਤੋਂ ਬਿਨਾਂ ਰਹਿਣ ਤੋਂ ਬਾਅਦ ਚੌਥੇ ਕੁਆਰਟਰ ’ਚ ਰਾਣੀ ਨੇ ਸਰਕਲ ’ਚ ਜ਼ੋਰਦਾਰ ਸ਼ਾਟ ਲਗਾ ਕੇ ਬਰਤਾਨੀਆ ਦੀ ਗੋਲਕੀਪਰ ਨੂੰ ਧੋਖਾ ਦੇ ਦਿੱਤਾ। ਭਾਰਤ ਨੇ 1-0 ਦੀ ਲੀਡ ਹਾਸਲ ਕਰਨ ਤੋਂ ਬਾਅਦ ਇੰਗਲੈਂਡ ਨੂੰ ਕੋਈ ਮੌਕਾ ਨਹੀਂ ਦਿੱਤਾ। ਭਾਰਤੀ ਕੋਚ ਸ਼ੋਰਡ ਮਾਰਿਨ ਨੇ ਕਿਹਾ, ‘ਅਸੀਂ ਮੈਚ ’ਚ ਕਈ ਮੌਕੇ ਬਣਾਏ ਪਰ ਸਾਨੂੰ ਉਨ੍ਹਾਂ ਮੌਕਿਆਂ ਨੂੰ ਗੋਲ ਵਿੱਚ ਤਬਦੀਲ ਕਰਨ ’ਤੇ ਕੰਮ ਕਰਨਾ ਪਵੇਗਾ। ਇਸ ਮੈਚ ’ਚ ਚੰਗੀ ਗੱਲ ਇਹ ਰਹੀ ਕਿ ਸਾਡੀ ਰੱਖਿਆ ਕਤਾਰ ਬਹੁਤ ਮਜ਼ਬੂਤ ਸੀ।’ ਉਨ੍ਹਾਂ ਕਿਹਾ ਕਿ ਮੈਚ ਦੇ ਆਖਰੀ ਪਲਾਂ ’ਚ ਅਸੀਂ ਦਬਾਅ ਵਿੱਚ ਸੀ ਪਰ ਟੀਮ ਨੇ ਇਸ ਦਾ ਸਾਹਮਣਾ ਸਹੀ ਢੰਗ ਨਾਲ ਕੀਤਾ ਅਤੇ ਗੋਲ ਕਰਨ ’ਚ ਵੀ ਟੀਮ ਸਫ਼ਲ ਰਹੀ। ਇਹ ਜਿੱਤ ਆਤਮ ਵਿਸ਼ਵਾਸ ਵਧਾਉਣ ਲਈ ਚੰਗੀ ਹੈ।