ਜੱਲ੍ਹਿਆਂਵਾਲਾ ਬਾਗ਼ ਵਿਚ ਚੱਲ ਰਹੇ ਸਾਂਭ-ਸੰਭਾਲ ਅਤੇ ਉਸਾਰੀ ਦੇ ਕੰਮ ਦੌਰਾਨ ਇਸ ਸ਼ਹੀਦੀ ਸਮਾਰਕ ਨੂੰ ਯਾਤਰੂਆਂ ਵਾਸਤੇ ਦੋ ਮਹੀਨੇ ਲਈ ਬੰਦ ਕੀਤਾ ਜਾ ਰਿਹਾ ਹੈ। ਇਹ ਸਮਾਰਕ ਯਾਤਰੂਆਂ ਵਾਸਤੇ 15 ਫਰਵਰੀ ਤੋਂ 12 ਅਪਰੈਲ ਤਕ ਬੰਦ ਰਹੇਗਾ। ਇਸ ਸੂਚਨਾ ਨੂੰ ਦਰਸਾਉਂਦਾ ਇਕ ਬੋਰਡ ਵੀ ਅੱਜ ਇੱਥੇ ਦਾਖ਼ਲਾ ਗੇਟ ’ਤੇ ਲਾ ਦਿੱਤਾ ਗਿਆ ਹੈ।
ਇਸ ਮਾਮਲੇ ਬਾਰੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਯਾਦਗਾਰ ਵਿਚ ਚੱਲ ਰਿਹਾ ਉਸਾਰੀ ਕਾਰਜ 31 ਮਾਰਚ ਤਕ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਜਦੋਂ ਲੋਕਾਂ ਵਾਸਤੇ ਖੋਲ੍ਹਿਆ ਜਾਵੇਗਾ ਤਾਂ ਇਹ ਨਵੇਂ ਰੂਪ ਵਿਚ ਸਾਹਮਣੇ ਆਵੇਗਾ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਸਾਰੀ ਕਾਰਜ ਨਿਰਧਾਰਤ ਸਮੇਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਇਸ ਵੇਲੇ ਯਾਤਰੂਆਂ ਦੀ ਭਾਰੀ ਆਮਦ ਕਾਰਨ ਕੰਮ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਲਈ ਲੋਕਾਂ ਦੀ ਆਮਦ ਰੋਕਣ ਵਾਸਤੇ ਇਸ ਨੂੰ ਦੋ ਮਹੀਨਿਆਂ ਵਾਸਤੇ ਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਉਸਾਰੀ ਕਾਰਜ ਬਿਨਾਂ ਰੁਕਾਵਟ ਤੋਂ ਚੱਲ ਸਕੇ ਅਤੇ ਇਸ ਨੂੰ ਮਿੱਥੇ ਸਮੇਂ ਵਿਚ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਨੂੰ ਆਮ ਲੋਕਾਂ ਵਾਸਤੇ 13 ਅਪਰੈਲ ਨੂੰ ਖੋਲ੍ਹਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਇਤਿਹਾਸਕ ਸਥਾਨ ਦੀ ਪੁਰਾਤਨਤਾ ਅਤੇ ਇਤਿਹਾਸ ਨੂੰ ਪਹਿਲਾਂ ਵਾਂਗ ਹੀ ਕਾਇਮ ਰੱਖਿਆ ਜਾਵੇਗਾ ਅਤੇ ਇਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਵੇਗੀ। ਇਸ ਸਮੁੱਚੇ ਕੰਮ ਦੀ ਨਿਗਰਾਨੀ ਭਾਰਤੀ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਜੱਲ੍ਹਿਆਂਵਾਲਾ ਬਾਗ਼ ਵਿਚ ਨਵ ਉਸਾਰੀ ਦੀ ਯੋਜਨਾ ਤਹਿਤ ਦਾਖ਼ਲੇ ਅਤੇ ਵਾਪਸੀ ਦੇ ਦੋ ਰਸਤੇ ਕਰ ਦਿੱਤੇ ਗਏ ਹਨ। ਵਾਪਸੀ ਰਸਤੇ ਵੱਲ 15 ਫੁੱਟ ਦਾ ਗੇਟ ਲਾ ਦਿੱਤਾ ਗਿਆ ਹੈ। ਸ਼ਹੀਦੀ ਖੂਹ ਦੇ ਆਲੇ ਦੁਆਲੇ ਨਵਾਂ ਢਾਂਚਾ ਅਤੇ ਸ਼ੀਸ਼ੇ ਦੀ ਦੀਵਾਰ ਬਣਾਈ ਗਈ ਹੈ, ਜਿੱਥੋਂ ਇਸ ਖੂਹ ਦੀ ਡੂੰਘਾਈ ਨੂੰ ਵੀ ਆਸਾਨੀ ਨਾਲ ਦੇਖਿਆ ਜਾ ਸਕੇਗਾ। ਇੱਥੇ ਨਵਾਂ ਲਾਈਟ ਐਂਡ ਸਾਈਡ ਸ਼ੋਅ ਸ਼ੁਰੂ ਹੋਵੇਗਾ, ਜਿਸ ਲਈ ਉਪਕਰਨ ਲਾਏ ਗਏ ਹਨ। ਇੱਥੇ 50 ਵਿਅਕਤੀਆਂ ਦੇ ਬੈਠਣ ਵਾਲੀ ਸਮਰੱਥਾ ਵਾਲਾ ਆਡੀਟੋਰੀਅਮ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ ਥ੍ਰੀਡੀ ਸਿਸਟਮ ਰਾਹੀਂ ਇਤਿਹਾਸ ਨੂੰ ਦਰਸਾਇਆ ਜਾਵੇਗਾ। 4 ਮਿਊਜ਼ੀਅਮ ਗੈਲਰੀਆਂ ਹੋਣਗੀਆਂ, ਜਿੱਥੇ ਇਤਿਹਾਸ ਨੂੰ ਤਸਵੀਰਾਂ ਦੇ ਰੂਪ ਵਿਚ ਦਿਖਾਇਆ ਜਾਵੇਗਾ। ਜਿਨ੍ਹਾਂ ਕੰਧਾਂ ’ਤੇ ਗੋਲੀਆਂ ਦੇ ਨਿਸ਼ਾਨ ਹਨ, ਉਨ੍ਹਾਂ ਨੂੰ ਵੀ ਵਿਸ਼ੇਸ਼ ਢੰਗ ਨਾਲ ਸੁਰੱਖਿਅਤ ਕੀਤਾ ਜਾ ਰਿਹਾ ਹੈ। ਬਾਗ਼ ਵਿਚ ਸੁੰਦਰ ਲੈਂਡ ਸਕੇਪਿੰਗ ਦਾ ਕੰਮ ਵੀ ਚੱਲ ਰਿਹਾ ਹੈ।
INDIA ਜੱਲ੍ਹਿਆਂਵਾਲਾ ਬਾਗ਼ ਯਾਤਰੀਆਂ ਵਾਸਤੇ ਦੋ ਮਹੀਨਿਆਂ ਲਈ ਬੰਦ