ਨਵੀਂ ਦਿੱਲੀ- ਬੀਤੇ ਸਾਲ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਪਹਿਲਵਾਨ ਰਵਿੰਦਰ ਕੁਮਾਰ ਨੂੰ ਪਾਬੰਦੀਸ਼ੁਦਾ ਦਵਾਈ ਲੈਣ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ ਉਸ ’ਤੇ ਚਾਰ ਸਾਲ ਦੀ ਪਾਬੰਦੀ ਲਾਈ ਗਈ ਹੈ। ਉਸ ਦਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿੱਤਿਆ ਗਿਆ ਤਗ਼ਮਾ ਵੀ ਖੋਹਿਆ ਜਾ ਸਕਦਾ ਹੈ। ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨ ਪੈਨਲ ਨੇ ਉਸ ਦੇ ਸਾਰੇ ਟੂਰਨਾਮੈਂਟਾਂ ਵਿੱਚ ਰਵਿੰਦਰ ਦੇ ਨਤੀਜੇ ਹਟਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਵਿੱਚ ਨਮੂਨਾ ਲੈਣ ਮਗਰੋਂ ਇਸ ਪਹਿਲਵਾਨ ਨੇ ਹਿੱਸਾ ਲਿਆ ਸੀ। ਰਵਿੰਦਰ ਦਾ ਨਮੂਨਾ ਬੀਤੇ ਸਾਲ ਫਰਵਰੀ-ਮਾਰਚ ਮਹੀਨੇ ਜੈਪੁਰ ਵਿੱਚ 67ਵੀਂ ਸਰਬ ਭਾਰਤੀ ਪੁਲੀਸ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਲਿਆ ਗਿਆ ਸੀ। ਨਾਡਾ ਨੇ ਉਸ ਨੂੰ ਬੀਤੇ ਸਾਲ 14 ਮਈ ਤੋਂ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਸੀ। ਹੁਣ ਉਸ ’ਤੇ ਚਾਰ ਸਾਲ ਦੀ ਪਾਬੰਦੀ ਲਾਈ ਗਈ ਹੈ।