ਸਿੰਧੂ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ’ਚ

ਭਾਰਤੀ ਦੀ ਉੱਘੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਡੈਨਮਾਰਕ ਦੀ ਮੀਆ ਬਿਲਿਚਫੇਲਟ ਖਿਲਾਫ਼ ਤਿੰਨ ਗੇਮ ਤਕ ਚੱਲੇ ਸੰਘਰਸ਼ਪੂਰਨ ਮੈਚ ਵਿੱਚ ਜਿੱਤ ਦਰਜ ਕਰ ਕੇ ਵੀਰਵਾਰ ਨੂੰ ਇਥੇ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਦਾਖਲ ਹੋ ਗਈ। ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੇ ਦੂਜੇ ਗੇੜ ਵਿੱਚ ਇਕ ਘੰਟਾ ਦੋ ਮਿੰਟ ਚੱਲੇ ਮੈਚ ਵਿੱਚ ਬਿਲਿਚਫੇਲਟ ਨੂੰ 21-14, 17-21, 21-11 ਨਾਲ ਹਰਾਇਆ। ਸਿੰਧੂ ਦੀ ਵਿਸ਼ਵ ਵਿੱਚ 13ਵੇਂ ਨੰਬਰ ਦੀ ਬਿਲਿਚਫੇਲਟ ਖ਼ਿਲਾਫ਼ ਇਹ ਇਸ ਵਰ੍ਹੇ ਦੀ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ ਡੈਨਮਾਰਕ ਦੀ ਇਸ ਖਿਡਾਡਨ ਨੂੰ ਇੰਡੀਅਨ ਓਪਨ ਅਤੇ ਸਿੰਗਾਪੁਰ ਓਪਨ ਵਿੱਚ ਹਰਾਇਆ ਸੀ। ਸਿੰਧੂ ਦਾ ਅਗਲਾ ਮੁਕਾਬਲਾ ਮਲੇਸ਼ੀਆ ਦੀ ਸੋਨੀਆ ਚੇਹ ਅਤੇ ਜਾਪਾਨ ਦੀ ਨਾਓਮੀ ਓਕੂਹਾਰਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਬਿਲਿਚਫੇਲਟ ਨੇ 6-3 ਦੀ ਲੀਡ ਬਣਾ ਲਈ। ਇਸ ਤੋਂ ਬਾਅਦ ਭਾਰਤੀ ਖਿਡਾਰਨ ਨੇ ਵਾਪਸੀ ਕੀਤੀ ਅਤੇ ਸਕੋਰ ਬਰਾਬਰ ਕੀਤਾ। ਸਿੰਧੂ ਨੇ ਲਗਾਤਾਰ ਬਿਹਤਰ ਖੇਡਾ ਦਿਖਾ ਕੇ ਪਹਿਲਾ ਗੇਮ ਆਪਣੇ ਨਾਮ ਕੀਤਾ। ਦੂਜੀ ਗੇਮ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਬਿਲਿਚਫੇਲਟ ਨੇ ਦਮਦਾਰ ਵਾਪਸੀ ਕੀਤੀ। ਉਸ ਨੇ ਪਹਿਲਾਂ 9-5 ਅਤੇ ਮਗਰੋਂ 10-7 ਨਾਲ ਲੀਡ ਹਾਸਲ ਕੀਤੀ। ਸਿੰਧੂ ਨੇ ਇਸ ਤੋਂ ਬਾਅਦ ਲਗਾਤਾਰ ਤਿੰਨ ਅੰਕ ਬਣਾ ਕੇ ਸਕੋਰ 10-10 ਨਾਲ ਬਰਾਬਰ ਕਰ ਦਿੱਤਾ। ਡੈਨਮਾਰਕ ਦੀ ਖਿਡਾਰਨ ਨੇ ਸਿੰਧੂ ਦੀਆਂ ਗਲਤੀਆਂ ਦਾ ਲਾਹਾ ਲੈਂਦਿਆਂ ਵਾਪਸੀ ਕੀਤੀ ਅਤੇ ਦੂਜੀ ਗੇਮ ਆਪਣੇ ਨਾ ਕਰ ਲਈ। ਫੈਸਲਾਕੁੰਨ ਗੇਮ ਵਿੱਚ ਹਾਲਾਂਕਿ ਬਿਲਿਚਫੇਲਟ ਦੀ ਸਿੰਧੂ ’ਤੇ ਕੋਈ ਪੇਸ਼ ਨਹੀਂ ਗਈ ਅਤੇ ਭਾਰਤੀ ਖਿਡਾਰਨ ਨੇ ਇਹ ਗੇਮ ਆਸਾਨੀ ਨਾਲ ਜਿੱਤ ਕੇ ਮੈਚ ਆਪਣੇ ਨਾਂ ਕਰ ਲਿਆ। ਇਸੇ ਦੌਰਾਨ ਸਾਤਵਿਕ ਸਾਈਰਾਜ ਰੰਕੀਰੇੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਨੂੰ ਦੂਜੇ ਗੇੜ ਵਿੱਚ ਅੱਵਲ ਦਰਜਾ ਮਾਰਕਸ ਫਰਨਾਲਡੀ ਗਿਡੀਯੋਨ ਅਤੇ ਕੇਵਿਨ ਸੰਜੈ ਸੁਕਾਮੁਲਜੋ ਦੀ ਜੋੜੀ ਤੋਂ ਹਾਰ ਝੱਲਣੀ ਪਈ।

Previous articleਪ੍ਰਸ਼ਾਸਕੀ ਕਮੇਟੀ ਨੇ ਬੀਸੀਸੀਆਈ ਸਕੱਤਰ ਤੋਂ ਚੋਣ ਦਾ ਅਧਿਕਾਰ ਖੋਹਿਆ
Next articleਓਲੰਪਿਕ ਲਈ ਮੌਕਾ ਮਿਲਿਆ ਤਾਂ ਜ਼ਰੂਰ ਜਾਵਾਂਗਾ: ਵਿਜੇਂਦਰ