* ਵਾਦੀ ਦੇ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ; ਸੰਘਣੀ ਧੁੰਦ ਕਾਰਨ ਜਹਾਜ਼ ਸ੍ਰੀਨਗਰ ਉਤਾਰਨਾ ਪਿਆ
* ਅਗਲੇ ਛੇ ਦਿਨਾਂ ’ਚ 36 ਕੇਂਦਰੀ ਮੰਤਰੀ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ
ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਮਗਰੋਂ ਲੋਕਾਂ ਨੂੰ ਪਰਚਾਉਣ ਲਈ ਤਿੰਨ ਕੇਂਦਰੀ ਮੰਤਰੀ ਅੱਜ ਇਥੇ ਪੁੱਜੇ। ਇਹ ਮੰਤਰੀ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਫਾਇਦਿਆਂ ਦੀ ਜਾਣਕਾਰੀ ਦੇਣਗੇ। ਅਗਲੇ ਛੇ ਦਿਨਾਂ ਦੌਰਾਨ ਕੁੱਲ 36 ਕੇਂਦਰੀ ਮੰਤਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ।
ਤਿੰਨ ਕੇਂਦਰੀ ਮੰਤਰੀ ਅਰਜੁਨ ਮੇਘਵਾਲ, ਅਸ਼ਵਨੀ ਚੌਬੇ ਅਤੇ ਜਿਤੇਂਦਰ ਸਿੰਘ ਅੱਜ ਸ਼ਾਮ ਨੂੰ ਜੰਮੂ ਪਹੁੰਚੇ। ਤਿੰਨੇ ਮੰਤਰੀਆਂ ਨੇ ਅੱਜ ਸਵੇਰੇ ਇਥੇ ਪਹੁੰਚਣਾ ਸੀ ਪਰ ਸੰਘਣੀ ਧੁੰਦ ਕਾਰਨ ਉਨ੍ਹਾਂ ਦਾ ਜਹਾਜ਼ ਸ੍ਰੀਨਗਰ ਉਤਾਰਨਾ ਪਿਆ। ਸ੍ਰੀਨਗਰ ’ਚ ਕਈ ਘੰਟਿਆਂ ਦੀ ਉਡੀਕ ਮਗਰੋਂ ਇਹ ਮੰਤਰੀ ਆਖਿਰ ਸ਼ਾਮ ਵੇਲੇ ਜੰਮੂ ਪਹੁੰਚੇ। ਜੰਮੂ ਕਸ਼ਮੀਰ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਰੋਹਿਤ ਕਾਂਸਲ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ,‘‘ਪ੍ਰੋਗਰਾਮ ਤਹਿਤ 36 ਮੰਤਰੀ ਦੌਰੇ ’ਤੇ ਆਉਣਗੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੱਖ ਵੱਖ ਥਾਵਾਂ ’ਤੇ 60 ਬੈਠਕਾਂ ’ਚ ਹਿੱਸਾ ਲੈਣਗੇ।’’ ਜੰਮੂ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਹਰਸ਼ ਦੇਵ ਸਿੰਘ ਨੇ ਕੇਂਦਰ ਦੇ ਕਦਮ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀਆਂ ਦੇ ਦੌਰੇ ਨਾਲ ਨਵੇਂ ਯੂਟੀ ਦੇ ਲੋਕਾਂ ਨੂੰ ਕਿਵੇਂ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਪਾਸਾ ਸੁੱਟਿਆ ਹੈ ਅਤੇ ਇਹ ਕਿਸੇ ਨਾਟਕਬਾਜ਼ੀ ਤੋਂ ਘੱਟ ਨਹੀਂ ਹੈ। ਆਗੂ ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀਆਂ ਦਾ ਦੌਰਾ ਜੰਮੂ ਕਸ਼ਮੀਰ ਦੇ ਖ਼ਜ਼ਾਨੇ ’ਤੇ ਬੋਝ ਪਾਵੇਗਾ।