ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸੈਕਟਰ-53 ’ਚ ਸ਼ੁਰੂ ਕੀਤੀ ਹਾਊਸਿੰਗ ਯੋਜਨਾ ’ਚ ਲੋਕਾਂ ਦੇ ਘੱਟ ਰੁਝਾਨ ਨੂੰ ਵੇਖਦੇ ਹੋਏ ਫਲੈਟਾਂ ਦੀ ਵਿਕਰੀ ’ਚੋਂ ਮੁਨਾਫਾ ਨਾ ਕਮਾਉਣ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਬੋਰਡ ਵੱਲੋਂ ਹਰੇਕ ਕੈਟਾਗਿਰੀ ਦੇ ਫਲੈਟਾਂ ਦੀਆਂ ਕੀਮਤਾਂ ਲਗਪਗ 10 ਫੀਸਦੀ ਘਟਾ ਦਿੱਤੀਆਂ ਹਨ। ਇਸ ਦੇ ਨਾਲ ਹੀ ਹਾਊਸਿੰਗ ਬੋਰਡ ਨੇ ਫਲੈਟਾਂ ਲਈ ਅਰਜ਼ੀਆਂ ਦੇਣ ਦਾ ਸਮਾਂ ਇਕ ਮਹੀਨੇ ਵਧਾਉਂਦੇ ਹੋਏ 23 ਫਰਵਰੀ ਆਖਰੀ ਤਰੀਕ ਤੈਅ ਕੀਤੀ ਹੈ।
ਚੰਡੀਗੜ੍ਹ ਹਾਊਸਿੰਗ ਬੋਰਡ ਨੇ 31 ਦਸੰਬਰ ਤੱਕ ਕਰਵਾਏ ਗਏ ਡਿਮਾਂਡ ਸਰਵੇ ਨੂੰ ਲੈ ਕੇ ਬੋਰਡ ਅਧਿਕਾਰੀਆਂ ਨੇ ਵਿਚਾਰ ਕਰਦਿਆਂ ਅੱਜ ਉਪਰੋਕਤ ਫੈਸਲਾ ਲਿਆ ਹੈ। ਬੋਰਡ ਨੇ ਇਹ ਸਕੀਮ ਅਕੂਬਰ ਮਹੀਨੇ ’ਚ ਲਾਂਚ ਕੀਤੀ ਸੀ ਜਿਸ ਦੌਰਾਨ ਬੋਰਡ ਨੂੰ ਇਕ ਹਫ਼ਤੇ ’ਚ ਸਿਰਫ 26 ਅਰਜ਼ੀਆਂ ਹੀ ਮਿਲੀਆਂ ਸਨ। ਇਸ ਤੋਂ ਬਾਅਦ ਬੋਰਡ ਨੇ ਫਲੈਟਾਂ ਦੀ ਕੀਮਤ 5 ਤੋਂ 10 ਫੀਸਦੀ ਘਟਾ ਕੇ ਡਿਮਾਂਡ ਸਰਵੇ ਦੀ ਤਾਰੀਖ 30 ਨਵੰਬਰ ਤੋਂ ਵਧਾ ਕੇ 31 ਦਸੰਬਰ ਕਰ ਦਿੱਤੀ ਸੀ। ਬੋਰਡ ਨੇ ਮੁੜ ਤੋਂ 10 ਫੀਸਦੀ ਦੇ ਕਰੀਬ ਕੀਮਤਾਂ ਘਟਾ ਕੇ ਅਰਜ਼ੀਆਂ ਲੈਣ ਦੀ ਆਖਰੀ ਤਾਰੀਖ 23 ਫਰਵਰੀ ਤੱਕ ਵਧਾ ਦਿੱਤੀ ਹੈ।
ਬੋਰਡ ਨੇ ਪਹਿਲਾਂ ਤਿੰਨ ਕਮਰਿਆਂ ਵਾਲੇ ਫਲੈਟ ਦਾ ਮੁੱਲ 1.80 ਕਰੋੜ ਰੁਪਏ, ਦੋ ਕਮਰਿਆਂ ਵਾਲੇ ਫਲੈਟ ਦਾ ਮੁੱਲ 1.47 ਕਰੋੜ ਅਤੇ ਇਕ ਕਮਰੇ ਵਾਲੇ ਫਲੈਟ ਦਾ ਮੁੱਲ 95 ਲੱਖ ਰੁਪਏ ਰੱਖਿਆ ਸੀ। ਦੋ ਕਮਰਿਆਂ ਵਾਲੇ ਫਲੈਟ ਜੋ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਸੀ, ਉਸ ਦਾ ਮੁੱਲ 50 ਲੱਖ ਰੁਪਏ ਰੱਖਿਆ ਸੀ। ਅਕਤੂਬਰ ਮਹੀਨੇ ’ਚ ਕੀਤੇ ਸਰਵੇ ਤੋਂ ਬਾਅਦ 1.80 ਕਰੋੜ ਰੁਪਏ ਵਾਲੇ ਫਲੈਟ ਦੀ ਕੀਮਤ 1.63 ਕਰੋੜ, 1.47 ਕਰੋੜ ਵਾਲੇ ਫਲੈਟ ਦੀ ਕੀਮਤ 1.36 ਕਰੋੜ ਅਤੇ 95 ਲੱਖ ਰੁਪਏ ਵਾਲੇ ਫਲੈਟ ਦੀ ਕੀਮਤ 90 ਲੱਖ ਰੁਪਏ ਕਰ ਦਿੱਤੀ ਸੀ।
INDIA ਸੈਕਟਰ-53 ਦੇ ਫਲੈਟਾਂ ਦੀਆਂ ਕੀਮਤਾਂ ਘਟਾਈਆਂ