ਅਜੀਤ ਪਵਾਰ ਨੂੰ ਮਿਲਿਆ ਵਿੱਤ ਵਿਭਾਗ, ਅਨਿਲ ਦੇਸ਼ਮੁਖ ਗ੍ਰਹਿ ਮੰਤਰੀ ਬਣੇ

ਮਹਾਰਾਸ਼ਟਰ ਸਰਕਾਰ ਵਿੱਚ ਮੰਤਰਾਲਿਆਂ ਦੀ ਵੰਡ ਦੌਰਾਨ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਅਹਿਮ ਵਿਭਾਗ ਲੈਣ ਵਿੱਚ ਸਫ਼ਲ ਰਹੀ ਹੈ। ਉਪ ਮੁੱਖ ਮੰਤਰੀ ਤੇ ਸੀਨੀਅਰ ਐੱਨਸੀਪੀ ਆਗੂ ਅਜੀਤ ਪਵਾਰ ਨੂੰ ਵਿੱਤ ਤੇ ਪਲਾਨਿੰਗ ਵਿਭਾਗ ਮਿਲਿਆ ਹੈ ਜਦੋਂ ਕਿ ਅਨਿਲ ਦੇਸ਼ਮੁਖ ਸੂਬੇ ਦੇ ਨਵੇਂ ਗ੍ਰਹਿ ਮੰਤਰੀ ਹੋਣਗੇ। ਸ਼ਿਵ ਸੈਨਾ ਦੀ ਟਿਕਟ ’ਤੇ ਪਹਿਲੀ ਵਾਰ ਵਿਧਾਇਕ ਬਣੇ ਤੇ ਮੁੱਖ ਮੰਤਰੀ ਊਧਵ ਠਾਕਰੇ ਦੇ ਪੁੱਤਰ ਆਦਿੱਤਿਆ ਠਾਕਰੇ ਨੂੰ ਵਾਤਾਵਾਰਨ, ਸੈਰ-ਸਪਾਟਾ ਤੇ ਪ੍ਰੋਟੋਕਾਲ ਵਿਭਾਗਾਂ ਦਾ ਚਾਰਜ ਸੌਂਪਿਆ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਬਾਲਾਸਾਹਿਬ ਥੋਰਾਟ ਰੈਵੇਨਿਊ ਮੰਤਰਾਲਾ ਵੇਖਣਗੇ ਜਦੋਂਕਿ ਉਨ੍ਹਾਂ ਦੇ ਸਾਥੀ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੇ ਹਿੱਸੇ ਲੋਕ ਨਿਰਮਾਣ ਵਿਭਾਗ ਦਾ ਚਾਰਜ ਆਇਆ ਹੈ। ਐੱਨਸੀਪੀ ਆਗੂ ਧਨੰਜਯ ਮੁੰਡੇ ਨੂੰ ਸਮਾਜਿਕ ਨਿਆਂ ਮੰਤਰੀ ਬਣਾਇਆ ਗਿਆ ਹੈ। ਪਾਰਟੀ ਆਗੂ ਜਿਤੇਂਦਰ ਅਵਧ ਹਾਊਸਿੰਗ ਮਹਿਕਮਾ ਵੇਖਣਗੇ। ਵਿਭਾਗਾਂ ਦੀ ਵੰਡ ਮਗਰੋਂ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਦੇ ਹਿੱਸੇ ‘ਅਹਿਮ’ ਮੰਤਰਾਲੇ ਆਏ ਹਨ। ਅਜਿਹੇ ਕਿਆਸ ਸਨ ਕਿ ਐੱਨਸੀਪੀ ਦੇ ਅਜੀਤ ਪਵਾਰ ਜਾਂ ਜੈਯੰਤ ਪਾਟਿਲ ਨੂੰ ਗ੍ਰਹਿ ਵਿਭਾਗ ਦਿੱਤਾ ਜਾ ਸਕਦਾ ਹੈ, ਪਰ ਇਹ ਮਹਿਕਮਾ ਪਾਰਟੀ ਵਿਚਲੇ ਸਾਥੀ ਤੇ ਨਾਗਪੁਰ ਜ਼ਿਲ੍ਹੇ ਦੇ ਕਾਟੋਲ ਤੋਂ ਵਿਧਾਇਕ ਅਨਿਲ ਦੇਸ਼ਮੁਖ ਨੂੰ ਅਲਾਟ ਕੀਤਾ ਗਿਆ ਹੈ। ਆਮ ਪ੍ਰਸ਼ਾਸਨ, ਸੂਚਨਾ ਤੇ ਤਕਨੀਕ ਅਤੇ ਕਾਨੂੰਨ ਤੇ ਨਿਆਂ ਜਿਹੇ ਮੰਤਰਾਲੇ ਮੁੱਖ ਮੰਤਰੀ ਊਧਵ ਠਾਕਰੇ ਨੇ ਆਪਣੇ ਕੋਲ ਹੀ ਰੱਖੇ ਹਨ।

ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਨੂੰ ਸ਼ਹਿਰੀ ਵਿਕਾਸ ਵਿਭਾਗ ਦੇ ਨਾਲ ਪੀਡਬਲਿਊਡੀ(ਸਰਕਾਰੀ ਅਦਾਰਿਆਂ) ਦਾ ਚਾਰਜ ਵੀ ਦਿੱਤਾ ਗਿਆ ਹੈ। ਰਾਜ ਭਵਨ ਦੇ ਤਰਜਮਾਨ ਨੇ ਕਿਹਾ ਕਿ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਵਿਭਾਗਾਂ ਸਬੰਧੀ ਮੁੱਖ ਮੰਤਰੀ ਵੱਲੋਂ ਤਜਵੀਜ਼ਤ ਸੂਚੀ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੌਰਾਨ ਕਾਂਗਰਸ ਨੇ ਮੰਤਰਾਲਿਆਂ ਦੀ ਵੰਡ ਨੂੰ ਲੈ ਕੇ ਬੇਚੈਨੀ ਜਤਾਈ ਹੈ। ਕੁਝ ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਖੇਤੀ, ਪੇਂਡੂ ਵਿਕਾਸ, ਸਨਅਤਾਂ, ਹਾਊਸਿੰਗ, ਟਰਾਂਸਪੋਰਟ ਤੇ ਸਹਿਕਾਰਤਾ ’ਚੋਂ ਦੋ ਵਿਭਾਗ ਮੰਗੇ ਸਨ, ਪਰ ਸਰਕਾਰ ’ਚ ਭਾਈਵਾਲ ਸ਼ਿਵ ਸੈਨਾ ਤੇ ਐਨਸੀਪੀ ਨੇ ਇਸ ਪਾਸੇ ਕੋਈ ਗੌਰ ਨਹੀਂ ਕੀਤੀ।

Previous articleਬਿਨਾਂ ਜਾਂਚ ਲੋਕਾਂ ਨੂੰ ਜੇਲ੍ਹ ’ਚ ਸੁੱਟਣ ਲਈ ਮੁਆਫ਼ੀ ਮੰਗੇ ਸਰਕਾਰ: ਮਾਇਆਵਤੀ
Next articleਮੈਨੂੰ ਤੇ ਮੇਰੇ ਪਿਤਾ ਨੂੰ ਅਹੁਦਿਆਂ ਦਾ ਕੋਈ ਲਾਲਚ ਨਹੀਂ: ਢੀਂਡਸਾ