* ਜੇਐੱਨਯੂਐੱਸਯੂ ਅਤੇ ਏਬੀਵੀਪੀ ਨੇ ਹਿੰਸਾ ਲਈ ਇਕ-ਦੂਜੇ ’ਤੇ ਦੋਸ਼ ਲਾਏ
* ਐੱਚਆਰਡੀ ਮੰਤਰਾਲੇ ਅਤੇ ਅਮਿਤ ਸ਼ਾਹ ਨੇ ਘਟਨਾ ਦੀ ਰਿਪੋਰਟ ਮੰਗੀ
* ਘਟਨਾ ’ਚ ਕੁਝ ਅਧਿਆਪਕ ਵੀ ਜ਼ਖ਼ਮੀ ਹੋਏ
* ਵਿਦਿਆਰਥੀਆਂ ਨੇ ਦੇਰ ਰਾਤ ਦਿੱਲੀ ਪੁਲੀਸ ਦੇ ਹੈੱਡਕੁਆਰਟਰ ਮੂਹਰੇ ਧਰਨਾ ਦਿੱਤਾਨਵੀਂ ਦਿੱਲੀ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਐਤਵਾਰ ਰਾਤ ਨੂੰ ਲਾਠੀਆਂ ਨਾਲ ਲੈਸ ਕੁਝ ਨਕਾਬਪੋਸ਼ ਗੁੰਡਿਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕੈਂਪਸ ’ਚ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਕਾਰਨ ਪ੍ਰਸ਼ਾਸਨ ਨੂੰ ਪੁਲੀਸ ਸੱਦਣੀ ਪਈ। ਹਮਲੇ ’ਚ ਜ਼ਖ਼ਮੀ ਹੋਏ 18 ਵਿਅਕਤੀਆਂ ਨੂੰ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਜੇਐੱਨਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਿਰ ’ਚ ਸੱਟ ਲੱਗਣ ਕਾਰਨ ਬੁਰੀ ਤਰ੍ਹਾਂ ਫੱਟੜ ਹੋਈ ਹੈ। ਪੁਲੀਸ ਨੇ ਕੈਂਪਸ ’ਚ ਦਾਖ਼ਲ ਹੋ ਕੇ ਫਲੈਗ ਮਾਰਚ ਕੱਢਿਆ ਜਿਸ ਮਗਰੋਂ ਹਾਲਾਤ ਸ਼ਾਂਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਨੇ ਰਜਿਸਟਰਾਰ ਤੋਂ ਘਟਨਾ ਦੀ ਰਿਪੋਰਟ ਮੰਗ ਲਈ ਹੈ। ਉਨ੍ਹਾਂ ਪੁਲੀਸ ਨੂੰ ਕੈਂਪਸ ’ਚ ਸ਼ਾਂਤੀ ਕਾਇਮ ਕਰਨ ਲਈ ਕਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੁਲੀਸ ਕਮਿਸ਼ਨਰ ਨਾਲ ਇਸ ਸਬੰਧੀ ਗੱਲ ਕਰਕੇ ਪੂਰੀ ਰਿਪੋਰਟ ਮੰਗੀ ਹੈ। ਇਸੇ ਦੌਰਾਨ ਕਾਂਗਰਸ ਆਗੂ ਪਿ੍ਰਯੰਕਾ ਗਾਂਧੀ ਵਾਡਰਾ ਨੇ ਏਮਜ਼ ਪਹੁੰਚ ਕੇ ਵਿਦਿਆਰਥੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਇਹ ਬੜੀ ਨਿਰਾਸ਼ਾ ਵਾਲੀ ਗੱਲ ਹੈ ਕਿ ਸਰਕਾਰ ਆਪਣੇ ਹੀ ਬੱਚਿਆਂ ’ਤੇ ਹਿੰਸਾ ਦੀ ਇਜਾਜ਼ਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਏਮਜ਼ ’ਚ ਦਾਖ਼ਲ ਕਈ ਵਿਦਿਆਰਥੀਆਂ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਕਈ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਕੈਂਪਸ ’ਚ ਹਿੰਸਾ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੁਲੀਸ ਕੇਸ ਦਰਜ ਕੀਤਾ ਜਾ ਰਿਹਾ ਹੈ। ਕੈਂਪਸ ’ਚ ਹੋਈ ਹਿੰਸਾ ਵਿਰੁੱਧ ਵਿਦਿਆਰਥੀਆਂ ਨੇ ਦੇਰ ਰਾਤ ਦਿੱਲੀ ਪੁਲੀਸ ਦੇ ਹੈੱਡਕੁਆਰਟਰ ਮੂਹਰੇ ਧਰਨਾ ਦਿੱਤਾ ਹੋਇਆ ਹੈ। ਜੇਐੱਨਯੂ ਕੈਂਪਸ ’ਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਹਿੰਸਾ ਮਗਰੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਵਿੱਚ ਵੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਜੇਐੱਨਯੂ ਪ੍ਰਸ਼ਾਸਨ ਨੇ ਕਿਹਾ ਕਿ ‘ਲਾਠੀਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਨਕਾਬਪੋਸ਼ ਸ਼ਰਾਰਤੀ ਅਨਸਰਾਂ ਨੇ ਕੈਂਪਸ ’ਚ ਵਿਅਕਤੀਆਂ ’ਤੇ ਹਮਲਾ ਕੀਤਾ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ।’ ਕਰੀਬ ਦੋ ਘੰਟਿਆਂ ਤੱਕ ਜਾਰੀ ਹਿੰਸਾ ਲਈ ਜੇਐੱਨਯੂਐੱਸਯੂ ਅਤੇ ਏਬੀਵੀਪੀ ਨੇ ਇਕ-ਦੂਜੇ ਨੂੰ ਦੋਸ਼ੀ ਠਹਿਰਾਇਆ ਹੈ। ਰਜਿਸਟਰਾਰ ਪ੍ਰਮੋਦ ਕੁਮਾਰ ਨੇ ਬਿਆਨ ’ਚ ਕਿਹਾ ਕਿ ਕੈਂਪਸ ’ਚ ਅਫ਼ਰਾ-ਤਫ਼ਰੀ ਦਾ ਮਾਹੌਲ ਹੈ ਅਤੇ ਜੇਐੱਨਯੂ ਨੇ ਕੈਂਪਸ ’ਚ ਸ਼ਾਤੀ ਬਹਾਲੀ ਲਈ ਪੁਲੀਸ ਸੱਦ ਲਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸ਼ਾਂਤ ਅਤੇ ਚੌਕਸ ਰਹਿਣ ਲਈ ਕਿਹਾ।
ਹਿੰਸਾ ਉਸੇ ਸਮੇਂ ਭੜਕੀ ਜਦੋਂ ਜੇਐੱਨਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਜਨਤਕ ਮੀਟਿੰਗ ਕੀਤੀ ਜਾ ਰਹੀ ਸੀ। ਸਟੂਡੈਂਟਸ ਯੂਨੀਅਨ ਨੇ ਦਾਅਵਾ ਕੀਤਾ ਕਿ ਏਬੀਵੀਪੀ ਮੈਂਬਰਾਂ ਵੱਲੋਂ ਕੀਤੇ ਗਏ ਪਥਰਾਅ ’ਚ ਉਨ੍ਹਾਂ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਕਈ ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ ਹਨ। ਉਧਰ ਆਰਐੱਸਐੱਸ ਸਮਰਥਿਤ ਵਿਦਿਆਰਥੀ ਜਥੇਬੰਦੀ ਏਬੀਵੀਪੀ ਨੇ ਦੋਸ਼ ਲਾਇਆ ਹੈ ਕਿ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਨੇ ਉਨ੍ਹਾਂ ਦੇ ਮੈਂਬਰਾਂ ’ਤੇ ਬੁਰੀ ਤਰ੍ਹਾਂ ਨਾਲ ਹਮਲਾ ਕੀਤਾ ਹੈ ਜਿਸ ’ਚ 25 ਮੈਂਬਰ ਜ਼ਖ਼ਮੀ ਹੋ ਗਏ ਹਨ।
ਜੇਐੱਨਯੂਐੱਸਯੂ ਨੇ ਦਾਅਵਾ ਕੀਤਾ ਕਿ ‘ਏਬੀਵੀਪੀ ਮੈਂਬਰਾਂ ਨੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਹ ਲਾਠੀਆਂ, ਰਾਡਾਂ ਅਤੇ ਹਥੌੜਿਆਂ ਨਾਲ ਲੈਸ ਹੋ ਕੇ ਕੈਂਪਸ ਅੰਦਰ ਘੁੰਮ ਰਹੇ ਸਨ।’ ਉਨ੍ਹਾਂ ਦਾਅਵਾ ਕੀਤਾ ਕਿ ਨਕਾਬਪੋਸ਼ ਪਥਰਾਅ ਕਰਦੇ ਹੋਏ ਹੋਸਟਲਾਂ ਅੰਦਰ ਦਾਖ਼ਲ ਹੋ ਗਏ ਅਤੇ ਉਥੇ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ‘ਕਈ ਅਧਿਆਪਕਾਂ ਨੂੰ ਵੀ ਕੁੱਟਿਆ ਗਿਆ ਹੈ।’ ਉਨ੍ਹਾਂ ਕਿਹਾ ਕਿ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ’ਤੇ ਖ਼ਤਰਨਾਕ ਹਮਲਾ ਕੀਤਾ ਗਿਆ ਅਤੇ ਉਸ ਦੇ ਸਿਰ ’ਚੋਂ ਖ਼ੂਨ ਨਿਕਲਣ ਲੱਗ ਪਿਆ। ਵਿਦਿਆਰਥੀ ਯੂਨੀਅਨ ਨੇ ਦੋਸ਼ ਲਾਇਆ ਕਿ ਬਾਹਰੀ ਵਿਅਕਤੀਆਂ ਨੂੰ ਕੈਂਪਸ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਨ੍ਹਾਂ ਲੜਕੀਆਂ ਦੇ ਹੋਸਟਲਾਂ ਸਮੇਤ ਹੋਰ ਹੋਸਟਲਾਂ ’ਚ ਬੁਰਛਾਗਰਦੀ ਕੀਤੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਐੱਨਯੂ ’ਚ ਹਿੰਸਾ ’ਤੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਜੇਕਰ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਅੰਦਰ ਸੁਰੱਖਿਅਤ ਨਹੀਂ ਹਨ ਤਾਂ ਮੁਲਕ ਕਿਵੇਂ ਤਰੱਕੀ ਕਰੇਗਾ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਪੁਲੀਸ ਨੂੰ ਤੁਰੰਤ ਕਾਰਵਾਈ ਕਰਦਿਆਂ ਕੈਂਪਸ ’ਚ ਸ਼ਾਂਤੀ ਬਹਾਲ ਕਰਨੀ ਚਾਹੀਦੀ ਹੈ। ਕਾਂਗਰਸ ਦੇ ਸੀਨੀਅਰਆਗੂ ਪੀ ਚਿਦੰਬਰਮ ਨੇ ਕਿਹਾ ਕਿ ‘ਸਜ਼ਾ ਦੇਣ ਜਿਹੀ ਕਾਰਵਾਈ ਸਰਕਾਰ ਦੀ ਹਮਾਇਤ ਨਾਲ ਹੀ ਹੋ ਸਕਦੀ ਹੈ।’ ਉਨ੍ਹਾਂ ਸਵਾਲ ਕੀਤਾ ਕਿ ਪੁਲੀਸ ਕੀ ਕਰ ਰਹੀ ਹੈ ਅਤੇ ਪੁਲੀਸ ਕਮਿਸ਼ਨਰ ਕਿੱਥੇ ਹੈ।