ਮੰਡੀ ਗੋਬਿੰਦਗੜ੍ਹ– ਸਨਅੱਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ ਅਜਨਾਲੀ ਖੇਤਰ ਵਿੱਚ ਸਥਿਤ ਅੱਜ ਇੱਕ ਗੁਦਾਮ ਵਿੱਚ ਇੱਕ ਟੈਂਕਰ ਵਿੱਚੋਂ ਤੇਲ ਕੱਢਦੇ ਸਮੇਂ 2 ਵਜੇ ਦੇ ਕਰੀਬ ਲੱਗੀ ਅੱਗ ਕਾਰਨ 3 ਵਿਅਕਤੀ ਬੁਰੀ ਤਰ੍ਹਾਂ ਝੁਲਸੇ ਗਏ ਜਦੋਂਕਿ 4 ਟੈਂਕਰ, 1 ਡਿਜਾਇਰ ਕਾਰ, ਲੋਹੇ ਅਤੇ ਪਲਾਸਟਿਕ ਦੇ ਪਾਈਪ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਇਨ੍ਹਾਂ ਵਿੱਚੋਂ ਅਸੀਸ ਸਿੰਗਲਾ ਵਾਸੀ ਖੰਨਾ ਨੂੰ ਡੀ.ਐਮ.ਸੀ. ਲੁਧਿਆਣਾ ਜਦੋਂਕਿ ਦੀਪਕ ਅਤੇ ਜਗਦੇਵ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ। ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਨ੍ਹਾਂ ਨੂੰ ਗੁਦਾਮ ਮਾਲਕ ਰਜੇਸ਼ ਕੁਮਾਰ ਚੋਪੜਾ ਪੁੱਤਰ ਗੁਰਬਚਨ ਚੋਪੜਾ ਵਾਸੀ ਸੁਭਾਸ਼ ਨਗਰ ਮੰਡੀ ਗੋਬਿੰਦਗੜ੍ਹ ਵਲੋਂ ਇਸ ਅੱਗ ਸਬੰਧੀ ਇਤਲਾਹ ਦਿੱਤੀ ਗਈ ਜਿਸਤੋਂ ਉਨ੍ਹਾਂ ਤੁਰੰਤ ਪੁਲਿਸ ਫੋਰਸ ਭੇਜ ਕੇ ਫਾਇਰ ਬਿਗ੍ਰੇਡ ਦੀਆਂਗੱਡੀਆਂ ਮੰਗਵਾਂ ਕੇ ਅੱਗ ਤੇ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਸੂਚਨਾ ਅਨੁਸਾਰ ਇਸ ਗੁਦਾਮ ਵਿੱਚ ਕਾਲੇ ਤੇਲ ਦਾ ਕੰਮ ਚੱਲਦਾ ਹੈ ਜਿੱਥੇ ਕਿ ਖ਼ਾਲੀ ਟੈਂਕਰਾਂ ਵਿੱਚੋਂ ਲੁੱਕ ਆਦਿ ਵੀ ਕਥਿਤ ਰੂਪ ਵਿੱਚ ਕੱਢੀ ਜਾਂਦੀ ਹੈ ਅਤੇ ਟੈਂਕਰ ਖਾਲੀ ਕਰਦੇ ਸਮੇਂ ਅਚਾਨਕ ਹੀ ਅੱਗ ਲੱਗਣ ਕਾਰਨ ਇਹ ਅੱਗ ਬੇਕਾਬੂ ਹੋ ਗਈ ਜਿਨ੍ਹੇ ਬਾਕੀ ਵਾਹਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਐੱਸ.ਡੀ.ਐੱਮ. ਅਨੰਦ ਸਾਗਰ ਸ਼ਰਮਾ ਸਮੇਤ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਐੱਸ.ਡੀ.ਐੱਮ. ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਤਹਿਸੀਲਦਾਰ ਅਮਲੋਹ ਨੂੰ ਨਿਯੁਕਤ ਕੀਤਾ ਗਿਆ ਹੈ ਜਿਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।