ਸਵੱਛ ਭਾਰਤ ਸਰਵੇਖਣ: ਜਲੰਧਰ 100 ਸ਼ਹਿਰਾਂ ’ਚ ਸ਼ੁਮਾਰ

ਜਲੰਧਰ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਸਵੱਛ ਭਾਰਤ ਸਰਵੇ ਦੀ ਜਾਰੀ ਕੀਤੀ ਗਈ ਸੂਚੀ ਵਿਚ ਜਲੰਧਰ ਸ਼ਹਿਰ ਦੇਸ਼ ਦੇ 100 ਸਮਾਰਟ ਸ਼ਹਿਰਾਂ ਵਿਚ ਸ਼ਾਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਜਲੰਧਰ ਸ਼ਹਿਰ 166ਵੇਂ ਸਥਾਨ ’ਤੇ ਸੀ। ਨਗਰ ਨਿਗਮ ਦੇ ਅਧਿਕਾਰੀ ਇਸ ਗੱਲੋਂ ਕੱਛਾਂ ਵਜਾ ਰਹੇ ਹਨ ਕਿ ਸ਼ਹਿਰ ਦਾ ਨਾਂ 100 ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਜਦਕਿ ਥੋੜ੍ਹੇ ਦਿਨ ਪਹਿਲਾਂ ਹੀ ਨਗਰ ਨਿਗਮ ਹਾਊਸ ਦੀ ਹੋਈ ਮੀਟਿੰਗ ਵਿਚ ਹਾਜ਼ਰ ਸੱਤਾਧਾਰੀ ਧਿਰ ਕਾਂਗਰਸ ਦੇ ਕੌਂਸਲਰਾਂ ਨੇ ਆਪੋ ਆਪਣੇ ਵਾਰਡ ਵਿਚ ਸਭ ਤੋਂ ਵੱਧ ਗੰਦਗੀ ਖਿੱਲਰੇ ਹੋਣ ਦਾ ਰੋਣਾ ਰੋਇਆ ਸੀ ਤੇ ਸੀਵਰੇਜ ਪ੍ਰਬੰਧ ਠੀਕ ਨਾ ਹੋਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਸੀ। ਕੇਂਦਰ ਸਰਕਾਰ ਵੱਲੋਂ ਸਵੱਛ ਸਰਵੇਖਣ ਦੀ ਜਾਰੀ ਕੀਤੀ ਗਈ ਇਹ ਰਿਪੋਰਟ ਦੂਜੀ ਤਿਮਾਹੀ ਦੀ ਹੈ। ਨਗਰ ਨਿਗਮ ਦੇ ਅਫਸਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਜਿਹੜੀਆਂ ਰਿਪੋਰਟਾਂ ਭੇਜੀਆਂ ਸਨ ਉਸ ਦੇ ਅਧਾਰ ’ਤੇ ਹੀ ਸ਼ਹਿਰ ਦੀ ਸੂਚੀ ਵਿਚ ਸੁਧਾਰ ਹੋਇਆ ਹੈ। ਪੰਜਾਬ ਵਿਚ ਸਾਫ-ਸੁਥਰੇ ਸ਼ਹਿਰਾਂ ਵਿਚ ਜਲੰਧਰ ਦਾ ਨਾਂ ਦੂਜੇ ਸਥਾਨ ’ਤੇ ਹੈ ਜਦਕਿ ਪਹਿਲੇ ਸਥਾਨ ’ਤੇ ਬਠਿੰਡਾ ਹੈ। ਨਗਰ ਨਿਗਮ ਦੇ ਸਿਹਤ ਅਫਸਰ ਡਾ. ਕ੍ਰਿਸ਼ਨ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਰੋਜ਼ਾਨਾ ਇਸ ਦੀ ਸੂਚਨਾ ਭੇਜੀ ਜਾਂਦੀ ਹੈ ਤੇ ਜਿਹੜੇ-ਜਿਹੜੇ ਕੰਮ ਕੀਤੇ ਗਏ ਹਨ ਉਸ ਦੇ ਅਧਾਰ ’ਤੇ ਹੀ ਰੈਂਕਿੰਗ ਵਿਚ ਵਾਧਾ ਕੀਤਾ ਗਿਆ ਹੈ। ਸਰਵੇਖਣ ਦੇ ਤੀਜੇ ਪੜਾਅ ਦੀ ਰਿਪੋਰਟ 20 ਜਨਵਰੀ ਨੂੰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਹਰ ਪਾਸੇ ਕੂੜਾ ਖਿੱਲਰਿਆ ਪਿਆ ਹੈ। ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਸਟਰੀਟ ਲਾਈਟਾਂ ਕਾਰਨ ਅੱਧਿਓਂ ਵੱਧ ਸ਼ਹਿਰ ਹਨ੍ਹੇਰੇ ਵਿਚ ਡੁੱਬਿਆ ਪਿਆ ਹੈ। ਐਨਜੀਟੀ ਦੇ ਹੁਕਮਾਂ ’ਤੇ ਬਣੀ ਨਿਗਰਾਨ ਕਮੇਟੀ ਥੋੜ੍ਹੇ ਦਿਨ ਪਹਿਲਾਂ ਹੀ ਸਫਾਈ ਦੇ ਮਾਮਲੇ ਵਿਚ ਨਗਰ ਨਿਗਮ ਦੇ ਅਧਿਕਾਰੀਆਂ ਦੀ ਖਿਚਾਈ ਕਰ ਕੇ ਹਟੀ ਹੈ। ਉਨ੍ਹਾਂ ਸ਼ਹਿਰ ਦਾ ਨਾਂ 100 ਸ਼ਹਿਰਾਂ ਦੀ ਸੂਚੀ ਵਿਚ ਆਉਣ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਇਹ ਪ੍ਰਚਾਰ ਕਰਨਾ ਚਾਹੀਦਾ ਸੀ ਕਿ ਜਲੰਧਰ ਸ਼ਹਿਰ ‘ਦੂਜੇ ਸਥਾਨ’ ’ਤੇ ਆਇਆ ਹੈ। 100 ਸ਼ਹਿਰਾਂ ਦੀ ਸੂਚੀ ਵਿਚ ਜਲੰਧਰ ਸ਼ਹਿਰ ਦਾ ਸਥਾਨ 98ਵਾਂ ਹੈ।

Previous articleਅਸਮਾਨੀਂ ਚੜ੍ਹੀ ਮਹਿੰਗਾਈ ਖ਼ਿਲਾਫ਼ ਮੁਜ਼ਾਹਰਾ
Next articleਅਜਨਾਲੀ ਦੇ ਤੇਲ ਗੁਦਾਮ ਵਿੱਚ ਲੱਗੀ ਅੱਗ