ਚੰਡੀਗੜ੍ਹ– ਇਥੋਂ ਦੇ ਸੈਕਟਰ-23/24 ਦੇ ਡਿਵਾਈਡਰ ’ਤੇ ਅੱਜ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਦਰੱਖ਼ਤ ਨਾਲ ਟਕਰਾ ਗਈ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦੇ ਸਾਥੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਪਿਛਲਾ ਹਿੱਸਾ ਟੁੱਕੜੇ-ਟੁੱਕੜੇ ਹੋ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਘਟਨਾ ਵਾਲੀ ਥਾਂ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ 29 ਸਾਲਾਂ ਦੇ ਪੰਕੇਸ਼ ਵਾਸੀ ਸਿਰਸਾ ਵਜੋਂ ਹੋਈ ਹੈ ਜਦਕਿ ਉਸ ਦਾ ਦੋਸਤ 21 ਸਾਲਾਂ ਦਾ ਅਭਿਸ਼ੇਕ ਗੰਭੀਰ ਜ਼ਖ਼ਮੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਕੇਸ਼ ਕਾਰਾਂ ਖਰੀਦਣ ਤੇ ਵੇਚਣ ਦਾ ਕਾਰੋਬਾਰ ਕਰਦਾ ਸੀ ਅਤੇ ਅਕਸਰ ਚੰਡੀਗੜ੍ਹ ਆਉਂਦਾ ਰਹਿੰਦਾ ਸੀ। ਉਹ ਲੰਘੇ ਦਿਨ ਆਪਣੇ ਦੋਸਤ ਦੇ ਨਾਲ ਚੰਡੀਗੜ੍ਹ ਆਇਆ ਸੀ। ਦੇਰ ਰਾਤ ਉਹ ਕਾਰ ਚਲਾ ਰਿਹਾ ਸੀ ਜੋ ਕਿ ਅਚਾਨਕ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਦਰੱਖ਼ਤ ਨਾਲ ਜਾ ਟਰਕਾਈ। ਇਸ ਦੌਰਾਨ ਦੋਵਾਂ ਨੌਜਵਾਨਾਂ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਪੰਕੇਸ਼ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਅਤੇ ਅਭਿਸ਼ੇਕ ਦਾ ਇਲਾਜ ਜਾਰੀ ਹੈ। ਪੁਲੀਸ ਨੇ ਪੰਕੇਸ਼ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਪੁਲੀਸ ਨੇ ਕਾਰ ਨੂੰ ਜ਼ਬਤ ਕਰ ਲਿਆ ਹੈ। ਟਰੱਕ ਹੇਠ ਆਉਣ ਨਾਲ ਮਜ਼ਦੂਰ ਹਲਾਕ: ਇਥੋਂ ਦੇ ਸੈਕਟਰ-26 ਸਥਿਤ ਟ੍ਰਾਂਸਪੋਰਟ ਏਰੀਆ ’ਚ ਟਰੱਕ ਹੇਠਾਂ ਆਉਣ ਨਾਲ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਉਸ ਦੀ ਪਛਾਣ ਰਾਮੇਸ਼ਵਰ ਸਾਹਾ ਵਾਸੀ ਬਿਹਾਰ ਵਜੋਂ ਹੋਈ ਹੈ। ਰਾਮੇਸ਼ਵਰ ਦੇ ਭਰਾ ਰਾਜੂ ਸਾਹਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਟ੍ਰਾਂਸਪੋਰਟ ਏਰੀਆਂ ’ਚ ਕੰਮ ਕਰਦਾ ਸਨ। ਉਸ ਦਾ ਭਰਾ ਕੰਮ ਕਰਦਿਆਂ ਫੋਨ ਸੁਨਣ ਗਿਆ। ਇਸੇ ਦੌਰਾਨ ਟਰੱਕ ਚਾਲਕ ਨੇ ਟਰੱਕ ਨੂੰ ਰਿਵਰਸ ਕਰ ਦਿੱਤਾ ਤੇ ਉਸ ਦਾ ਭਰਾ ਹੇਠਾਂ ਆ ਗਿਆ। ਉਸ ਨੂੰ ਸੈਕਟਰ-16 ਦੇ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ। ਘਟਨਾ ਤੋਂ ਬਾਅਦ ਟਰੱਕ ਚਾਲਕ ਫ਼ਰਾਰ ਹੋ ਗਿਆ। ਇਸੇ ਦੌਰਾਨ ਮਲੋਆ ਸਥਿਤ ਸ਼ਿਵ ਮੰਦਿਰ ਦੇ ਨਜ਼ਦੀਕ ਕਾਰ ਦੀ ਟੱਕਰ ਵੱਜਣ ਕਰਕੇ ਸਾਈਕਲ ਸਵਾਰ ਸ਼ਿਵ ਬਚਨ ਜ਼ਖ਼ਮੀ ਹੋ ਗਿਆ।
INDIA ਕਾਰ ਦਰੱਖ਼ਤ ਨਾਲ ਟਕਰਾਈ; ਨੌਜਵਾਨ ਹਲਾਕ, ਸਾਥੀ ਜ਼ਖ਼ਮੀ