ਉੱਤਰਾਖੰਡ (ਸਮਾਜ ਵੀਕਲੀ)– ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਦੇ ਰਸਤੇ ਵਿਚਲੇ ਦੋ ਗੁਰਦੁਆਰਿਆਂ ਵਾਲੇ ਇਲਾਕੇ ਵਿਚ ਭਾਰੀ ਬਰਫਬਾਰੀ ਹੋਈ ਹੈ ਜਿਸ ਕਾਰਨ ਕੁਝ ਥਾਵਾਂ ‘ਤੇ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਵਿਚ ਵੀ ਵਿਘਨ ਪਿਆ ਹੈ।
ਇੰਨੀ ਭਾਰੀ ਬਰਫਬਾਰੀ ਲਗਪਗ 25 ਸਾਲਾਂ ਬਾਅਦ ਹੋਈ ਹੈ। ਸ੍ਰੀ ਹੇਮਕੁੰਟ ਸਾਹਿਬ ਯਾਤਰਾ ਇਸ ਵਰ੍ਹੇ ਅਕਤੂਬਰ ਦੇ ਪਹਿਲੇ ਹਫਤੇ ਵਿਚ ਬੰਦ ਹੋਈ ਸੀ ਅਤੇ 10 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਗਏ ਸਨ।
ਲਗਪਗ 15 ਅਕਤੂਬਰ ਨੂੰ ਗੁਰਦੁਆਰਾ ਗੋਬਿੰਦਧਾਮ ਦੇ ਦੁਆਰ ਵੀ ਬੰਦ ਕਰ ਦਿੱਤੇ ਗਏ ਸਨ। ਜਦੋਂ ਕਿ ਸਭ ਤੋਂ ਹੇਠਾਂ ਸਥਾਪਤ ਗੁਰਦੁਆਰਾ ਗੋਬਿੰਦਘਾਟ ਸਾਰਾ ਸਾਲ ਹੀ ਖੁੱਲ੍ਹਾ ਰਹਿੰਦਾ ਹੈ। ਇਸ ਵਾਰ ਹੋਈ ਭਾਰੀ ਬਰਫਬਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਵਿਚ ਲਗਪਗ 15 ਫੁੱਟ ਬਰਫ ਪੈਣ ਦਾ ਅਨੁਮਾਨ ਹੈ।
ਇਸ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਵੀ ਬੰਦ ਹੋ ਚੁੱਕੀ ਹੈ ਅਤੇ ਆਮ ਜਨਜੀਵਨ ‘ਤੇ ਮਾੜਾ ਅਸਰ ਪਿਆ ਹੈ। ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ 12 ਦਸੰਬਰ ਦੀ ਰਾਤ ਨੂੰ ਭਾਰੀ ਬਰਫਬਾਰੀ ਹੋਈ ਸੀ।
ਜਿਸ ਕਾਰਨ ਗੋਬਿੰਦਘਾਟ ਦੇ ਇਲਾਕੇ ਵਿਚ ਦੋ ਫੁੱਟ ਤੋਂ ਵੱਧ ਬਰਫ ਪੈ ਗਈ। ਉਨ੍ਹਾਂ ਦੱਸਿਆ ਕਿ ਲਗਪਗ 13 ਕਿਲੋਮੀਟਰ ਉਪਰ ਗੁਰਦੁਆਰਾ ਗੋਬਿੰਦਧਾਮ ਵਿਖੇ ਵੀ ਇਸ ਵਾਰ ਪੰਜ ਤੋਂ ਛੇ ਫੁਟ ਬਰਫ ਪੈ ਚੁੱਕੀ ਹੈ।