ਜਲ੍ਹਿਆਂਵਾਲੇ ਬਾਗ ਵਿਚ ਮਾਰੇ ਗਏ ਬੇਕਸੂਰਾਂ ਦਾ ਬਦਲਾ ਲੈਣ ਵਾਲੇ ਇਨਕਲਾਬੀ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ ਦਾ ਨਾਮ ਹਿੰਦੁਸਤਾਨ ਦੇ ਪ੍ਰਮੁੱਖ ਸ਼ਹੀਦਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਚ ਪਿਤਾ ਸਰਦਾਰ ਟਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਉਸਨੇ ਅਪਣੀ ਮੈਟ੍ਰਿਕ ਦੀ ਪ੍ਰੀਖਿਆ 1918 ਵਿਚ ਪਾਸ ਕੀਤੀ।

10 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਕਈ ਲੀਡਰਾਂ ਜਿਨ੍ਹਾਂ ਵਿਚ ਸੱਤਪਾਲ ਤੇ ਸੈਫ਼ੂਦੀਨ ਕਿਚਲੂ ਨੂੰ ਰੌਲਟ ਐਕਟ ਦਾ ਵਿਰੋਧ ਕਰਨ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੇ ਸਿੱਟੇ ਵਜੋਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ 20 ਹਜ਼ਾਰ ਦੇ ਲਗਭਗ ਲੋਕ ਜਲ੍ਹਿਆਂਵਾਲਾ ਬਾਗ਼ ਵਿਚ ਰੌਲਟ ਐਕਟ ਦੇ ਵਿਰੋਧ ਵਿਚ ਇਕੱਠੇ ਹੋਏ, ਜਿਥੇ ਊਧਮ ਸਿੰਘ ਤੇ ਉਸ ਦੇ ਯਤੀਮਖ਼ਾਨੇ ਦੇ ਸਾਥੀ ਲੋਕਾਂ ਨੂੰ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਸਨ। ਇਥੇ ਮਾਈਕਲ ਉਡਵਾਇਰ ਵਲੋਂ ਦਿਤੇ ਹੁਕਮ ਤੇ ਜਨਰਲ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਨਿਹੱਥੇ ਲੋਕਾਂ ਉੱਪਰ ਗੋਲੀਆਂ ਚਲਾ ਦਿਤੀਆਂ।

10 ਮਿੰਟ ਗੋਲੀਬਾਰੀ ਹੁੰਦੀ ਰਹੀ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਤੇ ਜ਼ਖ਼ਮੀ ਹੋਏ। ਇਸ ਘਟਨਾ ਦਾ ਊਧਮ ਸਿੰਘ ਦੇ ਮਨ ਦੇ ਬਹੁਤ ਡੂੰਘਾ ਪ੍ਰਭਾਵ ਪਿਆ ਤੇ ਉਹ ਬ੍ਰਿਟਿਸ਼ ਸਾਮਰਾਜ ਵਿਰੁਧ ਗੁੱਸੇ ਨਾਲ ਭਰ ਗਿਆ। ਉਸ ਨੇ ਸ਼ਹੀਦਾਂ ਦੀ ਜਾਨ ਦਾ ਬਦਲਾ ਲੈਣ ਦੀ ਸਹੁੰ ਖਾਧੀ ਤੇ ਦੇਸ਼ ਨੂੰ ਇਸ ਜ਼ਾਲਮ ਰਾਜ ਤੋਂ ਨਿਜਾਤ ਦਿਵਾਉਣ ਬਾਰੇ ਸੋਚਣ ਲੱਗਾ।

ਉਸ ਤੋਂ ਬਾਅਦ ਜਲਦੀ ਹੀ ਊਧਮ ਸਿੰਘ ਕ੍ਰਾਂਤੀਕਾਰੀ ਸਰਗਰਮੀਆਂ ਵਿਚ ਹਿੱਸਾ ਲੈਣ ਲੱਗ ਪਿਆ। ਉਹ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਦਲ ਤੋਂ ਬਹੁਤ ਪ੍ਰਭਾਵਿਤ ਸੀ ਤੇ ਭਗਤ ਸਿੰਘ ਵਾਂਗ ਹੀ ਗਰਮ ਖਿਆਲੀ ਕ੍ਰਾਂਤੀਕਾਰੀ ਸੀ। ਉਹ 1924 ਵਿਚ ਵਿਦੇਸ਼ੀ ਦੇਸ਼ਾਂ ਵਿਚ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੀ ਗਦਰ ਪਾਰਟੀ ਦੀ ਲਹਿਰ ਵਿਚ ਸਰਗਰਮ ਹਿੱਸਾ ਲੈਂਦਾ ਰਿਹਾ।

27 ਜੁਲਾਈ 1927 ਨੂੰ ਉਹ ਅਮਰੀਕਾ ਤੋਂ ਕਰਾਚੀ  ਆਇਆ ਤੇ ਆਪਣੇ ਨਾਲ 25 ਸਾਥੀ, ਕੁੱਝ ਗੋਲੀ ਸਿੱਕਾ ਤੇ ਹੋਰ ਅਸਲਾ ਲਿਆਉਣ ਵਿਚ ਕਾਮਯਾਬ ਹੋ ਗਿਆ ਸੀ। ਜਲਦੀ ਹੀ ਉਸ ਨੂੰ ਗ਼ੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਰਿਹਾਅ ਹੋਣ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਤੇ ਸਰਕਾਰ ਦੀ ਪੂਰੀ ਨਜ਼ਰ ਸੀ।

ਇਸ ਤੋਂ ਬਾਅਦ ਉਹ ਕਸ਼ਮੀਰ ਚਲਾ ਗਿਆ ਤੇ ਉੱਥੋਂ ਪੁਲਿਸ ਤੋਂ ਬਚ ਕੇ ਜਰਮਨੀ ਚਲਾ ਗਿਆ ਤੇ 1934 ਵਿਚ ਉਹ ਲੰਡਨ ਪਹੁੰਚ ਗਿਆ ਤੇ ਉੱਥੇ ਨੌਕਰੀ ਕਰਨ ਲੱਗਾ। ਉਥੇ ਹੀ ਉਸ ਨੂੰ ਪਤਾ ਚਲਿਆ ਕਿ ਜਨਰਲ ਡਾਇਰ 1927 ਵਿਚ ਪਹਿਲਾਂ ਹੀ ਬਿਮਾਰੀ ਨਾਲ ਮਰ ਚੁੱਕਾ ਹੈ। ਹੁਣ ਉਸ ਦਾ ਨਿਸ਼ਾਨਾ ਸਿਰਫ਼ ਮਾਈਕਲ ਉਡਵਾਇਰ ਸੀ ਕਿਉਂਕਿ ਉਸ ਕਾਂਡ ਦਾ ਮੁੱਖ ਦੋਸ਼ੀ ਉਹੀ ਸੀ ਕਿਉਂਕਿ ਉਸ ਦੇ ਹੁਕਮ ਨਾਲ ਹੀ ਉਹ ਸੱਭ ਕੁੱਝ ਹੋਇਆ ਸੀ। ਉਸ ਨੂੰ ਉਡਵਾਇਰ ਕੋਲ ਕੰਮ ਮਿਲ ਗਿਆ ਜਿਸ ਦੌਰਾਨ ਊਧਮ ਸਿੰਘ ਨੂੰ ਉਡਵਾਇਰ ਨੂੰ ਮਾਰਨ ਦੇ ਕਈ ਮੌਕੇ ਮਿਲੇ ਪਰ ਉਹ ਉਸ ਨੂੰ ਇਸ ਤਰ੍ਹਾਂ ਨਹੀਂ ਮਾਰਨਾ ਚਾਹੁੰਦਾ ਸੀ।

ਉਹ ਸਮਝਦਾ ਸੀ ਕਿ ਜੇਕਰ ਉਸ ਨੇ ਉਸ ਨੂੰ ਇਸ ਤਰ੍ਹਾਂ ਮਾਰਿਆ ਤਾਂ ਲੋਕ ਕਹਿਣਗੇ ਕਿ ਇਕ ਕਾਲੇ ਨੌਕਰ ਨੇ ਇਕ ਅੰਗਰੇਜ਼ ਨੂੰ ਮਾਰ ਦਿਤਾ। ਉਹ ਚਾਹੁੰਦਾ ਸੀ ਕਿ ਉਹ ਉਸ ਨੂੰ ਇਸ ਤਰ੍ਹਾਂ ਮਾਰੇ ਕਿ ਪੂਰੀ ਦੁਨੀਆਂ ਨੂੰ ਪਤਾ ਚਲੇ ਕੇ ਜਲ੍ਹਿਆਂਵਾਲਾ ਬਾਗ਼ ਦੇ ਲੋਕਾਂ ਦੇ ਕਾਤਲ ਨੂੰ ਸਜ਼ਾ ਮਿਲ ਗਈ ਹੈ। ਆਖ਼ਰ ਉਹ ਦਿਨ ਆ ਗਿਆ ਜਿਸ ਦਾ ਊਧਮ ਸਿੰਘ ਨੂੰ ਵਰ੍ਹਿਆਂ ਤੋਂ ਇੰਤਜ਼ਾਰ ਸੀ। ਉਸ ਨੂੰ ਪਤਾ ਲੱਗਾ ਕਿ ਮਾਈਕਲ ਉਡਵਾਇਰ 13 ਮਾਰਚ ਨੂੰ ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਹੈ।

ਉਹ ਅਪਣੀ ਵਰ੍ਹਿਆਂ ਤੋਂ ਦਿਲ ਵਿਚ ਦੱਬੀ ਬਦਲੇ ਦੀ ਚਿੰਗਾਰੀ ਨੂੰ ਭਾਂਬੜ ਬਣਾਉਣ ਲਈ ਇਸ ਸੁਨਿਹਰੀ ਮੌਕੇ ਨੂੰ ਹੱਥੋਂ ਗਵਾਉਣਾ ਨਹੀਂ ਚਾਹੁੰਦਾ। ਉਸ ਨੇ ਅਪਣਾ ਮਕਸਦ ਪੂਰਾ ਕਰਨ ਲਈ ਇਕ ਰਿਵਾਲਵਰ ਖ਼ਰੀਦਿਆ ਤੇ ਉਸ ਨੂੰ ਬੜੀ ਸਮਝਦਾਰੀ ਨਾਲ ਛੁਪਾ ਲਿਆ ਤੇ ਮਿਥੇ ਦਿਨ ਮਤਲਬ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਪਹੁੰਚ ਗਿਆ।

ਜਿਵੇਂ ਹੀ ਉਡਵਾਇਰ ਬੋਲਣ ਲਈ ਸਟੇਜ ਉਤੇ ਆਇਆ ਤਾਂ ਊਧਮ ਸਿੰਘ ਅਪਣੀ ਸੀਟ ਤੋਂ ਉੱਠ ਕੇ ਉਸ ਵਲ ਵਧਿਆ ਤੇ ਉਸ ਉੱਪਰ ਦੋ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਇਕ ਗੋਲੀ ਉਡਵਾਇਰ ਦੇ ਦਿਲ ਵਿਚ ਤੇ ਦੂਜੀ ਸੱਜੇ ਫੇਫੜੇ ਵਿਚ ਵੱਜੀ ਜਿਸ ਨਾਲ ਉਹ ਉੱਥੇ ਹੀ ਮਰ ਗਿਆ। ਉਸ ਵਲੋਂ ਕੀਤੀ ਗੋਲੀਬਾਰੀ ਵਿਚ ਸਰ ਲੁਈਸ ਡੇਨ, ਲਾਰੇਂਸ ਡੁਨਡਸ, ਜੈਟਲੈਂਡ, ਚਾਰਲਸ ਕੋਚਰੇਨ ਬੇਲੀ ਤੇ ਲਮਿੰਗਟਨ ਵੀ ਜ਼ਖ਼ਮੀ ਹੋਏ। ਊਧਮ ਸਿੰਘ ਨੂੰ ਤੁਰਤ ਗ੍ਰਿਫ਼ਤਾਰ ਕਰ ਲਿਆ ਗਿਆ।

1 ਅਪ੍ਰੈਲ 1940 ਨੂੰ ਊਧਮ ਸਿੰਘ ਤੇ ਮਾਈਕਲ ਉਡਵਾਇਰ ਦੇ ਕਤਲ ਦਾ ਰਸਮੀ ਦੋਸ਼ ਲਗਾਇਆ ਗਿਆ ਤੇ ਉਸ ਨੂੰ ਬਰਿਕਸਟਨ ਜੇਲ ਵਿਚ ਭੇਜ ਦਿਤਾ ਗਿਆ।
ਮੁਕੱਦਮੇ ਦੀ ਸ਼ੁਰੂਆਤ ਵਿਚ ਉਸ ਨੂੰ ਜਦੋਂ ਅਜਿਹਾ ਕਰਨ ਬਾਰੇ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ”ਮੈਂ ਉਸਨੂੰ ਨਫ਼ਰਤ ਕਰਦਾ ਸੀ। ਉਹ ਇਸੇ ਲਾਇਕ ਸੀ। ਉਹ ਅਸਲ ਦੋਸ਼ੀ ਸੀ। ਉਹ ਮੇਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲਣਾ ਚਾਹੁੰਦਾ ਸੀ।

ਇਸ ਲਈ ਮੈਂ ਉਸ ਨੂੰ ਹੀ ਕੁਚਲ ਦਿਤਾ। ਮੈਂ 21 ਸਾਲਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਉਸ ਪਾਪੀ ਦਾ ਪਿੱਛਾ ਕਰਦੇ ਹੋਏ ਮੈਂ ਪੂਰੀ ਦੁਨੀਆਂ ਘੁੰਮੀ ਹੈ। ਮੈਂ ਖ਼ੁਸ਼ ਹਾਂ ਕਿ ਮੈਂ ਇਹ ਕੰਮ ਕਰ ਦਿਤਾ ਹੈ। ਮੈਂ ਮੌਤ ਤੋਂ ਨਹੀਂ ਡਰਦਾ, ਮੈਂ ਅਪਣੇ ਵਤਨ ਲਈ ਮਰ ਰਿਹਾ ਹਾਂ।” ਅਦਾਲਤ ਨੇ  ਊਧਮ ਸਿੰਘ ਨੂੰ ਕਤਲ ਦਾ ਦੋਸ਼ੀ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਈ ਗਈ।

ਊਧਮ ਸਿੰਘ ਦੇ ਇਸ ਕਾਰਨਾਮੇ ਦੀ ਮਹਾਤਮਾ ਗਾਂਧੀ ਨੇ ਨਿੰਦਾ ਕੀਤੀ ਤੇ ਕਿਹਾ ਕਿ ”ਇਹ ਇਕ ਪਾਗਲਪਨ ਵਾਲਾ ਕੰਮ ਹੈ ਜਿਸ ਨੇ ਕਿ ਮੈਨੂੰ ਗਹਿਰਾ ਦੁੱਖ ਦਿਤਾ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਇਸ ਦਾ ਰਾਜਨੀਤਕ ਨਿਰਣੇ ਉੱਪਰ ਕੋਈ ਅਸਰ ਨਹੀਂ ਪਵੇਗਾ।” ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਨੇ ਮਹਾਤਮਾ ਗਾਂਧੀ ਦੇ ਇਸ ਬਿਆਨ ਨੂੰ ਚੁਨੌਤੀ ਮੰਨਦਿਆਂ ਇਸ ਬਿਆਨ ਦੀ ਨਿੰਦਾ ਕੀਤੀ।

ਇਸ ਮਹਾਨ ਸਪੂਤ ਨੂੰ 31 ਜੁਲਾਈ 1940 ਨੂੰ ਪੈਟੋਨਵਿਲੇ ਜੇਲ ਲੰਡਨ ਵਿਚ ਫਾਂਸੀ ਦੇ ਦਿਤੀ ਗਈ ਤੇ ਜੇਲ ਵਿਚ ਹੀ ਦਫ਼ਨਾ ਦਿਤਾ ਗਿਆ। ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਉੱਪਰ ਸਾਰੇ ਦੇਸ਼ ਨੂੰ ਮਾਣ ਹੈ।

Jallianwala Bagh
ਬਰਿਕਸਟਨ ਜੇਲ
General Dyer
Caxton Hall
Previous articleਕ੍ਰਿਸਮਿਸ ਮੌਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊਜੀਲੈਂਡ ਵਾਸੀਆਂ ਲਈ ਜਾਰੀ ਕੀਤਾ ਸੰਦੇਸ਼
Next articleਸ਼੍ਰੀ ਹੇਮਕੁੰਟ ਸਾਹਿਬ ‘ਚ ਵੀ ਟੁੱਟਿਆ 25 ਸਾਲ ਦਾ ਰਿਕਾਰਡ, ਰਸਤੇ ਵਿੱਚ ਵਿਛੀ ਚਿੱਟੀ ਚਾਦਰ