ਜੀਐੱਚਟੀਪੀ ਕੰਟਰੈਕਟ ਵਰਕਰਜ਼ ਯੂਨੀਅਨ ਲਹਿਰਾ ਮੁਹੱਬਤ ਵੱਲੋਂ ਥਰਮਲ ਦੇ ਮੁੱਖ ਗੇਟ ਅੱਗੇ ਕੌਮੀ ਮਾਰਗ ਦੀ ਸਰਵਿਸ ਰੋਡ ’ਤੇ ਪਰਿਵਾਰਾਂ ਸਣੇ ਲਗਾਇਆ ਪੱਕਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਕੜਾਕੇ ਦੀ ਠੰਢ ਦੇ ਬਾਵਜੂਦ ਔਰਤਾਂ ਅਤੇ ਬੱਚਿਆਂ ਦੇ ਹੌਸਲੇ ਬੁਲੰਦ ਸਨ। ਬਾਲ ਹੱਥਾਂ ਵਿੱਚ ਲਾਲ ਝੰਡੇ ਚੁੱਕੇ ਹੋਏ ਸਨ ਅਤੇ ਉਨ੍ਹਾਂ ਵਿੱਚ ਆਪਣੇ ਮਾਪਿਆਂ ਦੇ ਰੁਜ਼ਗਾਰ ਦੀ ਸਲਾਮਤੀ ਲਈ ਵੱਖਰਾ ਜੋਸ਼ ਸੀ। ਸੰਘਰਸ਼ਕਾਰੀਆਂ ਨੇ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿੱਚ ਸਰਕਾਰ ਤੇ ਪਾਵਰਕੌਮ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰਬਾਜ਼ੀ ਕੀਤੀ। ਭਰਾਤਰੀ ਜੱਥੇਬੰਦੀਆਂ ਦੇ ਆਗੂ ਰਾਸ਼ਨ ਸਮੇਤ ਮੋਰਚੇ ਵਿੱਚ ਸ਼ਾਮਲ ਹੋਏ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾਈ ਆਗੂ ਸ਼ਿੰਗਾਰਾ ਸਿੰਘ ਮਾਨ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਅਤੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਵੇਲੇ ਹਰ ਘਰ ਨੌਕਰੀ ਦੇਣ ਦਾ ਕੀਤਾ ਵਾਅਦਾ ਤਾਂ ਕੀ ਪੂਰੇ ਕਰਨ ਸੀ, ਸਗੋਂ ਥਰਮਲਾਂ ਨੂੰ ਬੰਦ ਕਰਕੇ ਕੱਚੇ ਕਾਮਿਆਂ ਦੇ ਨਿਗੂਣੇ ਜਿਹੇ ਰੁਜ਼ਗਾਰ ਖੋਹਣ ’ਤੇ ਤੁਲੀ ਹੋਈ ਹੈ।
ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਮੰਗ ਕੀਤੀ ਕਿ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਚੱਲਦਾ ਰੱਖਿਆ ਜਾਵੇ, ਥਰਮਲ ਦੇ ਕੱਚੇ ਮੁਲਾਜ਼ਮਾਂ ਨੂੰ ਪਾਵਰਕੌਮ ਵਿੱਚ ਸਿੱਧਾ ਭਰਤੀ ਕੀਤਾ ਜਾਵੇ, ਮਹਿੰਗਾਈ ਦਰ ਅਨੁਸਾਰ ਕਾਮਿਆਂ ਦੀ ਘੱਟੋ ਘੱਟ ਤਨਖ਼ਾਹ 21 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ, ਸਮੂਹ ਅਨਸਕਿਲਡ ਕਾਮਿਆਂ ਨੂੰ ਪਦ ਉੱਨਤ ਕੀਤਾ ਜਾਵੇ, ਖਾਲੀ ਪਏ ਕੁਆਰਟਰ ਕੱਚੇ ਮੁਲਾਜ਼ਮਾਂ ਨੂੰ ਦਿੱਤੇ ਜਾਣ, ਬਿਜਲੀ ਐਕਟ 2003 ਰੱਦ ਕਰਕੇ ਨਿੱਜੀ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ ਅਤੇ ਸਰਕਾਰੀ ਥਰਮਲਾਂ ਨੂੰ ਚਲਦਾ ਰੱਖ ਕੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇ। ਸਾਂਝੀ ਸੰਘਰਸ਼ ਕਮੇਟੀ ਮੰਡਲ ਰਾਮਪੁਰਾ ਦੇ ਜਗਜੀਤ ਸਿੰਘ ਸਿੱਧੂ, ਜਗਦੀਸ਼ ਰਾਏ, ਬਲਵਿੰਦਰ ਮਾਨ ਅਤੇ ਲਛਮਣ ਸਿੰਘ ਰਾਮਪੁਰਾ ਸਮੇਤ ਆਗੂਆਂ ਨੇ ਵੀ ਸੰਬੋਧਨ ਕੀਤਾ।
INDIA ਕੱਚੇ ਕਾਮਿਆਂ ਦਾ ਥਰਮਲ ਪਲਾਂਟ ਅੱਗੇ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ