ਸੰਗਰੂਰ-ਬਰਨਾਲਾ ਮਾਰਗ ‘ਤੇ ਹੋਏ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਅਵਤਾਰ ਸਿੰਘ (50) ਪੁੱਤਰ ਸਾਧੂ ਸਿੰਘ ਵਾਸੀ ਠੁੱਲੀਵਾਲ ਮੋਟਰਸਾਈਕਲ ‘ਤੇ ਸ਼ੇਰੋਂ ਤੋਂ ਪਿੰਡ ਵਾਪਸ ਆ ਰਿਹਾ ਸੀ ਕਿ ਦਾਨਗੜ੍ਹ ਕੱਟ ਕੋਲ ਪਹੁੰਚਿਆ ਤਾ ਪਿੱਛੇ ਆ ਰਹੀ ਸਵਿੱਫਟ ਕਾਰ ਨੰਬਰ ਪੀਬੀ10ਬੀਵਾਈ 8684 ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਤੋਂ ਬਾਅਦ ਕਾਰ ਪਲਟ ਗਈ ਅਤੇ ਅਵਤਾਰ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਸਾਂਢੂ ਗੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਬੱਲੂਆਣਾ (ਰਾਜਿੰਦਰ ਕੁਮਾਰ): ਧੁੰਦ ਕਾਰਨ ਅੱਜ ਤੜਕੇ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਔਰਤ ਸਣੇ 4 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦੇ ਦੋ ਜਣਿਆਂ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਜਦਕਿ ਦੂਜੇ ਹਾਦਸੇ ਵਿੱਚ ਵਾਪਰੇ ਔਰਤ ਅਤੇ ਠੇਕੇਦਾਰ ਦਾ ਇਲਾਜ ਸਾਦੁਲ ਸ਼ਹਿਰ ਦੇ ਹਸਪਤਾਲ ਵਿਚ ਚੱਲ ਰਿਹਾ ਹੈ।
ਭੰਗਾਲਾ ਵਾਸੀ ਚਰਣਜੀਤ ਅਤੇ ਬੂਟਾ ਸਿੰਘ ਦੀ ਪਿੱਕਅੱਪ ਗੱਡੀ ਸੰਘਣੀ ਧੁੰਦ ਕਰਕੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਸਿੱਟੇ ਵੱਜੋਂ ਦੋਵਾਂ ਨੂੰ ਗੰਭੀਰ ਸੱਟਾਂ ਵੱਜੀਆਂ। ਬੱਲੂਆਣਾ ਲਾਗੇ ਜਦੋਂ ਇਹ ਹਾਦਸਾ ਵਾਪਰਿਆਂ ਤਾਂ ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੋਵਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ। ਦੂਸਰਾ ਹਾਦਸਾ ਅਬੋਹਰ ਤੋਂ ਕਿਨੂੰ ਤੋੜਨ ਲਈ ਰਾਜਸਥਾਨ ਜਾ ਰਹੇ ਛੋਟੇ ਹਾਥੀ ਨਾਲ ਵਾਪਰਿਆ। ਪੱਕਾ ਸੀਡ ਫਾਰਮ ਵਾਸੀ ਠੇਕੇਦਾਰ ਪਿੰਕੀ ਛੋਟੇ ਹਾਥੀ ‘ਤੇ 15 ਮਜ਼ਦੂਰਾਂ ਨੂੰ ਲੈ ਕੇ ਜਿਵੇਂ ਹੀ ਰਾਜਸਥਾਨ ਦੀ ਹੱਦ ਵਿੱਚ ਪੁੱਜਿਆਂ ਤਾਂ ਧੁੰਦ ਕਾਰਨ ਇਕ ਕਾਰ ਦੇ ਨਾਲ ਉਨ੍ਹਾਂ ਦਾ ਵਾਹਨ ਟਕਰਾ ਕੇ ਪਲਟ ਗਿਆ। ਇਸ ਹਾਦਸੇ ਵਿੱਚ ਠੇਕੇਦਾਰ ਪਿੰਕੀ ਤੋਂ ਇਲਾਵਾ ਮਜ਼ਦੂਰੀ ਕਰਨ ਜਾ ਰਹੀ ਔਰਤ ਰਾਜ ਕੌਰ ਜ਼ਖਮੀ ਹੋ ਗਈ, ਜਦਕਿ ਬਾਕੀ ਲੋਕ ਵਾਲ-ਵਾਲ ਬਚ ਗਏ। ਉਪਰੋਕਤ ਦੋਨੇ ਰਾਜਸਥਾਨ ਦੇ ਸਾਦੁਲਸ਼ਹਿਰ ਵਿੱਚ ਜੇਰੇ ਇਲਾਜ ਹਨ।