ਲੁਧਿਆਣਾ ਨੇੜੇ ਹਾਦਸੇ ਵਿੱਚ ਚਾਰ ਨੌਜਵਾਨ ਹਲਾਕ

ਮੁੱਲਾਂਪੁਰ ਦਾਖਾ– ਇੱਥੇ ਸ਼ਹਿਰ ਵਿਚ ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਪਿੰਡ ਪੰਡੋਰੀ ਨੇੜੇ ਪੁਲ ਉੱਪਰ ਥਾਰ ਜੀਪ ਦੀ ਕੈਂਟਰ ਨਾਲ ਹੋਈ ਟੱਕਰ ਵਿਚ ਦੋ ਸਕੇ ਭਰਾਵਾਂ ਸਣੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇੱਥੋਂ ਨੇੜਲੇ ਪਿੰਡ ਭਰੋਵਾਲ ਖੁਰਦ ਦੇ ਦੋ ਸਕੇ ਭਰਾ ਬਲਤੇਜ ਸਿੰਘ ਤੇ ਬਲਕਰਨ ਸਿੰਘ ਪੁੱਤਰ ਬਲਜਿੰਦਰ ਸਿੰਘ, ਅਰਮਾਨਦੀਪ ਸਿੰਘ ਪੁੱਤਰ ਕਮਲਜੀਤ ਸਿੰਘ ਅਤੇ ਪਿੰਡ ਪੁੜੈਣ ਦੇ ਇੰਦਰਪ੍ਰੀਤ ਸਿੰਘ ਉਰਫ਼ ਏਕਮ ਪੁੱਤਰ ਜਗਜੀਤ ਸਿੰਘ ਇੱਥੇ ਮੈਰੀਵੱਲਾ ਰਿਜ਼ੋਰਟ ਵਿੱਚੋਂ ਵਿਆਹ ਸਮਾਗਮ ਵਿੱਚ ਸ਼ਾਮਲ ਮਗਰੋਂ ਥਾਰ ਜੀਪ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਜਾ ਰਹੇ ਸਨ ਕਿ ਉਨ੍ਹਾਂ ਦੀ ਜੀਪ ਆਪਣੇ ਅੱਗੇ ਜਾ ਰਹੇ ਕੈਂਟਰ ਦੇ ਪਿਛਲੇ ਪਾਸੇ ਟਕਰਾ ਗਈ। ਹਾਦਸੇ ਵਿੱਚ ਬਲਕਰਨ ਸਿੰਘ ਤੇ ਬਲਤੇਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਅਰਮਾਨਦੀਪ ਸਿੰਘ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਅਤੇ ਇੰਦਰਪ੍ਰੀਤ ਸਿੰਘ ਉਰਫ਼ ਏਕਮ ਨੂੰ ਮੈਡੀਵੇਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਦੱਸਣਯੋਗ ਹੈ ਕਿ ਬਲਕਰਨ ਸਿੰਘ ਖੇਤੀਬਾੜੀ ਕਰਦਾ ਸੀ ਤੇ ਬਲਤੇਜ ਸਿੰਘ ਦਾ ਸਕਾ ਭਰਾ ਸੀ। ਬਲਤੇਜ ਸਿੰਘ ਤੇ ਇੰਦਰਪ੍ਰੀਤ ਸਿੰਘ ਉਰਫ਼ ਏਕਮ ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਚ ਡਿਪਲੋਮਾ ਕਰ ਰਹੇ ਸਨ। ਗਰੀਬ ਮਾਪਿਆਂ ਦਾ ਇਕਲੌਤਾ ਪੁੱਤਰ ਅਰਮਾਨਦੀਪ ਸਿੰਘ ਲੁਧਿਆਣਾ ਦੇ ਸ਼ੇਰਪੁਰ ਚੌਕ ਵਿੱਚ ਇੱਕ ਏਜੰਸੀ ਵਿੱਚ ਕੰਮ ਕਰਦਾ ਸੀ। ਥਾਣਾ ਦਾਖਾ ਦੇ ਮੁਖੀ ਪ੍ਰੇਮ ਸਿੰਘ ਨੇ ਕਾਨੂੰਨੀ ਕਾਰਵਾਈ ਪਿੱਛੋਂ ਲਾਸ਼ਾਂ ਪੋਸਟਮਾਰਟਮ ਲਈ ਭਿਜਵਾ ਦਿੱਤੀਆਂ ਹਨ।

Previous articleਮੋਦੀ ਦੇ ਬਿਆਨ ਨਾਲ ਐੱਨਆਰਸੀ ਦਾ ਮੁੱਦਾ ਠੰਢੇ ਬਸਤੇ ’ਚ ਪੈਣ ਦੇ ਸੰਕੇਤ
Next articleਧੁੰਦ ਕਾਰਨ ਸੜਕ ਹਾਦਸੇ, ਇਕ ਹਲਾਕ; ਚਾਰ ਜ਼ਖ਼ਮੀ