ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਸੂਬੇ ਵਿੱਚ ਹੋ ਰਹੀ ਹਿੰਸਾ ਤੇ ਅੱਗਜ਼ਨੀ ਨੂੰ ‘ਛੋਟੀਆਂ ਮੋਟੀਆਂ ਘਟਨਾਵਾਂ’ ਦਸਦਿਆਂ ਅੱਜ ਕਿਹਾ ਕਿ ਭਾਜਪਾ ਕੋਲ ਸੰਸਦ ਵਿੱਚ ਲੋੜੀਂਦਾ ਅੰਕੜਾ ਹੋਣ ਦਾ ਇਹ ਮਤਲਬ ਨਹੀਂ ਕਿ ਮੋਦੀ ਸਰਕਾਰ ਰਾਜਾਂ ਨੂੰ ਕਾਨੂੰਨ (ਸੀਏਏ/ਐੱਨਆਰਸੀ) ਲਾਗੂ ਲਈ ਮਜਬੂਰ ਕਰੇ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਕਿ ‘ਪ੍ਰਦਰਸ਼ਨਕਾਰੀ ਕੱਪੜਿਆਂ ਤੋਂ ਹੀ ਪਛਾਣੇ ਜਾਂਦੇ ਹਨ’ ਲਈ ਮੋਦੀ ’ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਸ਼ਰਾਰਤੀ ਅਨਸਰਾਂ ਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਲਿਬਾਸ ਜਾਂ ਖਾਣ ਪੀਣ ਦੀ ਆਦਤਾਂ ਤੋਂ ਅੱਡਰਾ ਨਹੀਂ ਕੀਤਾ ਜਾ ਸਕਦਾ।’ ਮਮਤਾ ਨੇ ਕਿਹਾ ਕਿ ਜਦੋਂ ਵੀ ਸੂਬੇ ’ਚ ਕੋਈ ਨਿੱਕੀ ਮੋਟੀ ਘਟਨਾ ਵਾਪਰਦੀ ਹੈ ਤਾਂ ਕੇਂਦਰ ਰੇਲ ਸੇਵਾਵਾਂ ਬੰਦ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸੰਪਤੀ ਦੀ ਸੁਰੱਖਿਆ ਆਰਪੀਐਫ ਦੀ ਜ਼ਿੰਮੇਵਾਰੀ ਹੈ।