ਬਰਤਾਨੀਆ ਵਿੱਚ ਇੱਕ ਸਦੀ ਦੌਰਾਨ ਪਹਿਲੀ ਵਾਰ ਦਸੰਬਰ ਮਹੀਨੇ ਹੋਣ ਰਹੀਆਂ ਮੱਧਕਾਰਲੀ ਚੋਣਾਂ ਲਈ ਲੱਖਾਂ ਦੀ ਗਿਣਤੀ ’ਚ ਵੋਟਰ ਪੋਲਿੰਗ ਕੇਂਦਰਾਂ ’ਤੇ ਪਹੁੰਚੇ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਵਿਰੋਧੀ ਧਿਰ ਦੇ ਆਗੂ ਜੈਰੇਮੀ ਕੌਰਬਿਨ ਨੇ ਲੰਡਨ ’ਚ ਸਭ ਤੋਂ ਪਹਿਲਾਂ ਆਪਣੀ ਵੋਟ ਪਾਈ।
ਇੰਗਲੈਂਡ, ਵੇਲਜ਼, ਸਕਾਟਲੈਂਡ ਤੇ ਉੱਤਰੀ ਆਇਰਲੈਂਡ ਬਰਤਾਨੀਆ ਦੇ ਸਾਰੇ ਪੋਲਿੰਗ ਸਟੇਸ਼ਨ ਅੱਜ ਸਵੇਰੇ 7 ਵਜੇ ਵੋਟਾਂ ਲਈ ਖੁੱਲ੍ਹ ਗਏ ਜਿੱਥੇ 3,322 ਉਮੀਦਵਾਰ ਹੇਠਲੇ ਸਦਨ ਦੀਆਂ 650 ਸੀਟਾਂ ਲਈ ਚੋਣ ਲੜ ਰਹੇ ਹਨ। ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਸ਼ੁਰੂਆਤੀ ਦੌਰ ’ਚ ਮੁੱਖ ਮੁਕਾਬਲਾ ਕੰਜ਼ਰਵੇਟਿਵ ਤੇ ਲੇਬਰ ਪਾਰਟੀ ਦੇ ਉਮੀਦਵਾਰਾਂ ਵਿਚਾਲੇ ਦਿਖਾਈ ਦਿੱਤਾ। ਜੌਹਨਸਨ ਵੱਲੋਂ ਇਨ੍ਹਾਂ ਮੱਧਕਾਲੀ ਚੋਣਾਂ ਦਾ ਸੱਦਾ ਆਪਣੀ ਕੰਜ਼ਰਵੇਟਿਵ ਪਾਰਟੀ ਲਈ ਬਹੁਮਤ ਹਾਸਲ ਕਰਨ ਤੇ ਬ੍ਰੈਗਜ਼ਿਟ ਸਮਝੌਤਾ ਸੰਸਦ ’ਚੋਂ ਪਾਸ ਕਰਵਾਉਣ ਲਈ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਰਤਾਨੀਆ ਅਜੇ ਤੱਕ ਯੋਰਪੀ ਯੂਨੀਅਨ (ਈਯੂ) ਤੋਂ ਬਾਹਰ ਨਹੀਂ ਨਿਕਲ ਸਕਿਆ ਹੈ ਕਿ ਕਿਉਂਕਿ ਉਸ ਨੂੰ ਸੰਸਦ ’ਚੋਂ ਅਜੇ ਤੱਕ ਇਸ ਸਬੰਧੀ ਬਹੁਮਤ ਹਾਸਲ ਨਹੀਂ ਹੋਇਆ ਹੈ। ਬਰਤਾਨੀਆ ਲਈ ਯੋਰਪੀ ਯੂਨੀਅਨ ’ਚੋਂ ਬਾਹਰ ਨਿਕਲਣ ਦੀ ਇੱਕ ਆਖਰੀ ਸਮਾਂ ਸੀਮਾ 31 ਅਕਤੂਬਰ ਨੂੰ ਖਤਮ ਹੋ ਚੁੱਕੀ ਹੈ ਤੇ ਹੁਣ ਉਸ ਕੋਲ 31 ਜਨਵਰੀ 2020 ਤੱਕ ਦਾ ਸਮਾਂ ਹੈ। ਜੌਹਨਸਨ ਨੇ ਇਨ੍ਹਾਂ ਚੋਣਾਂ ਦੌਰਾਨ ਬ੍ਰੈਗਜ਼ਿਟ ਨੂੰ ਹੀ ਪ੍ਰਚਾਰ ਦਾ ਮੁੱਦਾ ਬਣਾਇਆ ਹੈ। ਦੂਜੇ ਪਾਸੇ ਵਿਰੋਧੀ ਧਿਰ ਲੇਬਰ ਪਾਰਟੀ ਤੇ ਹੋਰਨਾਂ ਧਿਰਾਂ ਨੇ ਚੋਣ ਪ੍ਰਚਾਰ ’ਚ ਟੋਰੀ ਸਰਕਾਰ ਦੇ ਘਰੇਲੂ ਮਸਲੇ ਹੱਲ ਕਰਨ ’ਚ ਨਾਕਾਮ ਰਹਿਣ ਨੂੰ ਮੁੱਖ ਮੁੱਦੇ ਵਜੋਂ ਉਭਾਰਿਆ ਹੈ।
ਬੌਰਿਸ ਜੌਹਨਸਨ ਨੇ ਕੇਂਦਰੀ ਲੰਡਨ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ। ਇਸੇ ਤਰ੍ਹਾਂ ਲੇਬਰ ਪਾਰਟੀ ਦੇ ਜੈਰੇਮੀ ਕੌਰਬਿਨ, ਲਿਬਰਲ ਡੈਮੋਕਰੈਟ ਲੀਡਰ ਜੋ ਸਵਿਨਸਨ, ਸਕਾਟਿਸ਼ ਨੈਸ਼ਨਲ ਪਾਰਟੀ ਦੇ ਆਗੂ ਨਿਕੋਲਾ ਸਟਰਜਨ, ਗਰੀਨ ਪਾਰਟੀ ਦੇ ਸਹਿ-ਆਗੂ ਜੌਨਾਥਨ ਬੈਟਰਲੀ ਨੇ ਵੀ ਆਪੋ-ਆਪਣੀ ਵੋਟ ਪਾਈ।
UK ਬਰਤਾਨੀਆ ਚੋਣਾਂ: ਵੱਡੀ ਗਿਣਤੀ ਵੋਟਰ ਪੋਲਿੰਗ ਕੇਂਦਰਾਂ ’ਚ ਪੁੱਜੇ