ਟੀ20 ਵਿਚ ਕੋਈ ਵੀ ਸਕੋਰ ਕਾਫ਼ੀ ਨਹੀਂ: ਰਾਹੁਲ

ਭਾਰਤ ਦੇ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਦਾ ਮੰਨਣਾ ਹੈ ਕਿ ਵੈਸਟ ਇੰਡੀਜ਼ ਖ਼ਿਲਾਫ਼ ਫ਼ੈਸਲਾਕੁਨ ਤੀਜੇ ਟੀ20 ਕ੍ਰਿਕਟ ਮੈਚ ਵਿਚ ਮਿਲੀ ਜਿੱਤ ਨਾਲ ਵੱਡਾ ਸਕੋਰ ਬਣਾਉਣ ਸਬੰਧੀ ਚੰਗਾ ਸਬਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਟੀਮ ਲਗਾਤਾਰ ਅਜਿਹਾ ਕਰਨ ਵਿਚ ਨਾਕਾਮ ਸਾਬਿਤ ਹੋ ਰਹੀ ਸੀ। ਰਾਹੁਲ ਨੇ ਆਖ਼ਰੀ ਮੈਚ ਵਿਚ 91 ਦੌੜਾਂ ਬਣਾਈਆਂ। ਭਾਰਤ ਨੇ ਤੀਜਾ ਮੈਚ 67 ਦੌੜਾਂ ਨਾਲ ਜਿੱਤ ਕੇ ਲੜੀ 2-1 ਨਾਲ ਆਪਣੇ ਨਾਂ ਕਰ ਲਈ ਸੀ। ਟੀ20 ਵਿਚ ਕੋਈ ਵੀ ਸਕੋਰ ਕਾਫ਼ੀ ਨਹੀਂ ਹੈ।
ਭਾਰਤੀ ਟੀਮ ਟੀਚੇ ਦਾ ਬਾਖ਼ੂਬੀ ਪਿੱਛਾ ਕਰਦੀ ਹੈ ਪਰ ਵੱਡੇ ਟੀਚੇ ਨਿਰਧਾਰਿਤ ਕਰਨ ਵਿਚ ਅਕਸਰ ਨਾਕਾਮ ਰਹਿੰਦੀ ਹੈ। ਤੀਜੇ ਟੀ20 ਵਿਚ ਹਾਲਾਂਕਿ ਭਾਰਤ ਨੇ 3 ਵਿਕਟਾਂ ’ਤੇ 240 ਦੌੜਾਂ ਬਣਾਈਆਂ। ਲਗਾਤਾਰ ਵੱਡੇ ਟੀਚੇ ਦੇਣ ਵਿਚ ਨਾਕਾਮ ਰਹਿਣ ਸਬੰਧੀ ਰਾਹੁਲ ਨੇ ਕਿਹਾ ਇਸ ਦਾ ਜਵਾਬ ਦੇਣਾ ਮੁਸ਼ਕਲ ਹੈ ਪਰ ਪਹਿਲਾਂ ਬੱਲੇਬਾਜ਼ੀ ਕਰਦਿਆਂ ਪ੍ਰਦਰਸ਼ਨ ਵਿਚ ਸੁਧਾਰ ਦੀ ਜ਼ਰੂਰਤ ਸੀ। ਕਈ ਵਾਰ ਟੀਮ ਸ਼ੁਰੂ ਵਿਚ ਹੀ 200 ਦੌੜਾਂ ਬਣਾਉਣ ਬਾਰੇ ਸੋਚ ਕੇ ਉਤਰਦੀ ਹੈ। ਹਰ ਵਾਰ ਲੱਗਦਾ ਹੈ ਕਿ 10-15 ਦੌੜਾਂ ਘੱਟ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਟੀਮ ਲੋੜੋਂ ਵੱਧ ਯਤਨ ਕਰ ਜਾਂਦੀ ਹੈ। ਰਾਹੁਲ ਨੇ ਕਿਹਾ ਕਿ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੇ ਟੀਚਾ ਦਿੰਦਿਆਂ ਅਜਿਹਾ ਹੀ ਹੁੰਦਾ ਹੈ। ਟੀ20 ਹੀ ਨਹੀਂ ਬਲਕਿ ਇਕ ਰੋਜ਼ਾ ਵਿਚ ਵੀ ਅਜਿਹਾ ਹੁੰਦਾ ਹੈ। ਤੀਜਾ ਮੈਚ ਚੰਗਾ ਸਬਕ ਸੀ, ਉਮੀਦ ਹੈ ਕਿ ਅੱਗੇ ਵੀ ਵਾਰ-ਵਾਰ ਅਜਿਹਾ ਕੀਤਾ ਜਾ ਸਕੇਗਾ।
ਰਾਹੁਲ ਨੇ ਸਵੀਕਾਰ ਕੀਤਾ ਕਿ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਾਫ਼ੀ ਦਬਾਅ ਰਹਿੰਦਾ ਹੈ ਤੇ ਪਹਿਲਾਂ ਟੀਮ ਹੱਥ ਅਸਫ਼ਲਤਾ ਵੀ ਲੱਗੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਟੀਮ ਨੇ ਆਪਣੀ ਗਲਤੀਆਂ ਤੋਂ ਸਿੱਖਿਆ ਹੈ। ਰਾਹੁਲ ਨੇ ਸਵੀਕਾਰ ਕੀਤਾ ਕਿ ਕੌਮੀ ਟੀਮ ਵਿਚ ਥਾਂ ਪੱਕੀ ਨਾ ਹੋਣ ’ਤੇ ਚੈਨ ਨਾਲ ਰਹਿਣਾ ਮੁਸ਼ਕਲ ਹੈ ਪਰ ਉਨ੍ਹਾਂ ਟੀਮ ਵਿਚ ਜਗ੍ਹਾ ਦੀ ਪਰਵਾਹ ਕੀਤੇ ਬਿਨਾਂ ਆਪਣੀ ਬੱਲੇਬਾਜ਼ੀ ਤੋਂ ਖ਼ੁਸ਼ ਹੋਣਾ ਸਿੱਖ ਲਿਆ ਹੈ। ਰਾਹੁਲ ਨੂੰ ਤੀਜੇ ਟੀ20 ਵਿਚ ਸ਼ਿਖਰ ਧਵਨ ਦੇ ਸੱਟ ਲੱਗਣ ਕਾਰਨ ਚੁਣਿਆ ਗਿਆ ਸੀ।
ਰਾਹੁਲ ਨੇ ਕਿਹਾ ਕਿ ਕੌਮਾਂਤਰੀ ਕ੍ਰਿਕਟ ਤੇ ਵਿਰੋਧੀ ਟੀਮ ਦੇ ਦਬਾਅ ਨੂੰ ਝੱਲਣ ਦੀ ਆਦਤ ਪਾਉਣ ਵਿਚ ਸਮਾਂ ਲੱਗਦਾ ਹੈ। ਕਿਸੇ ਵੀ ਟੀਮ ਦੇ ਖ਼ਿਲਾਫ਼ ਦੌੜਾਂ ਬਣਾਉਣਾ ਆਸਾਨ ਨਹੀਂ ਹੈ ਪਰ ਮੇਰੇ ਵੱਸ ਵਿਚ ਇਹੀ ਹੈ ਕਿ ਚੰਗਾ ਪ੍ਰਦਰਸ਼ਨ ਕਰ ਸਕਾਂ। ਉਨ੍ਹਾਂ ਕਿਹਾ ਕਿ ਮੌਕਾ ਮਿਲਣ ’ਤੇ ਟੀਮ ਲਈ ਮੈਚ ਜਿੱਤਣਾ ਚਾਹੁੰਦੇ ਹਨ ਤੇ ਬੱਲੇਬਾਜ਼ੀ ਦਾ ਮਜ਼ਾ ਲੈਂਦੇ ਹਨ। ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਲੈਅ ’ਚ ਰਹਿਣ ਲਈ ਲਗਾਤਾਰ ਕ੍ਰਿਕਟ ਖੇਡਣਾ ਵੀ ਜ਼ਰੂਰੀ ਹੈ।

Previous articleਤਿਹਾੜ ਜੇਲ੍ਹ ਨੇ ਯੂਪੀ ਤੋਂ ਦੋ ਜੱਲਾਦ ਮੰਗੇ
Next articleਬਰਤਾਨੀਆ ਚੋਣਾਂ: ਵੱਡੀ ਗਿਣਤੀ ਵੋਟਰ ਪੋਲਿੰਗ ਕੇਂਦਰਾਂ ’ਚ ਪੁੱਜੇ