* ਲੋਕ ਸਭਾ ’ਚ ਕਾਂਗਰਸ ਸਮੇਤ ਹੋਰ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ
* ਭਾਜਪਾ ਸਰਕਾਰ ਨੇ ਪ੍ਰੱਗਿਆ ਨੂੰ ਰੱਖਿਆ ਸਲਾਹਕਾਰ ਕਮੇਟੀ ’ਚੋਂ ਹਟਾਇਆ
ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਵੱਲੋਂ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂਰਾਮ ਗੋਡਸੇ ਨੂੰ ‘ਦੇਸ਼ਭਗਤ’ ਆਖੇ ਜਾਣ ਮਗਰੋਂ ਵੀਰਵਾਰ ਨੂੰ ਵਿਰੋਧੀ ਧਿਰ ਭੜਕ ਗਈ ਅਤੇ ਕਾਂਗਰਸ ਨੇ ਹੋਰ ਪਾਰਟੀਆਂ ਨਾਲ ਮਿਲ ਕੇ ਪ੍ਰੱਗਿਆ ਖ਼ਿਲਾਫ਼ ਲੋਕ ਸਭਾ ’ਚ ਨਿੰਦਾ ਮਤਾ ਲਿਆਉਣ ਦਾ ਫੈਸਲਾ ਕੀਤਾ ਹੈ। ਲੋਕ ਸਭਾ ਦੀ ਕਾਰਵਾਈ ਅੱਜ ਜਦੋਂ ਸ਼ੁਰੂ ਹੋਈ ਤਾਂ ਵਿਰੋਧੀ ਮੈਂਬਰ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ ਅਤੇ ਉਨ੍ਹਾਂ ਜ਼ੋਰਦਾਰ ਢੰਗ ਨਾਲ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ। ਕਾਂਗਰਸ ਦੀ ਅਗਵਾਈ ਹੇਠ ਉਨ੍ਹਾਂ ਪ੍ਰੱਗਿਆ ਦੇ ਕੁਬੋਲਾਂ ਖ਼ਿਲਾਫ਼ ਹੰਗਾਮਾ ਕੀਤਾ ਅਤੇ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਤੋਂ ਉਹ ਸੰਤੁਸ਼ਟ ਨਹੀਂ ਹੋਏ ਤਾਂ ਸਦਨ ’ਚੋਂ ਵਾਕਆਊਟ ਕਰ ਦਿੱਤਾ।ਵਿਰੋਧੀ ਧਿਰ ਦੇ ਪ੍ਰਦਰਸ਼ਨ ਦਰਮਿਆਨ ਰਾਜਨਾਥ ਸਿੰੰਘ ਨੇ ਕਿਹਾ ਕਿ ਨੱਥੂਰਾਮ ਗੋਡਸੇ ਨੂੰ ਦੇਸ਼ਭਗਤ ਆਖੇ ਜਾਣ ਦੀ ਉਹ ਨਿਖੇਧੀ ਕਰਦੇ ਹਨ। ਮੰਤਰੀ ਨੇ ਮਹਾਤਮਾ ਗਾਂਧੀ ਨੂੰ ਰਾਸ਼ਟਰ ਦਾ ਮਾਰਗਦਰਸ਼ਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਫ਼ਲਸਫ਼ਾ ਹਮੇਸ਼ਾ ਪ੍ਰਸੰਗਕ ਰਹੇਗਾ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰੱਗਿਆ ਨੂੰ ‘ਅਤਿਵਾਦੀ’ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤੋਂ ਭਾਜਪਾ ਤੇ ਆਰਐੱਸਐੱਸ ਦੀ ਅਸਲੀਅਤ ਝਲਕਦੀ ਹੈ ਅਤੇ ਇਸ ਨੂੰ ਛੁਪਾਇਆ ਨਹੀਂ ਜਾ ਸਕਦਾ ਹੈ। ਸੰਸਦ ਭਵਨ ਦੇ ਅਹਾਤੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਭਾਜਪਾ ਜਿਨ੍ਹਾਂ ਮਰਜ਼ੀ ਗਾਂਧੀ ਜੀ ਦਾ ਗੁਣਗਾਣ ਕਰਦੀ ਹੋਵੇ ਪਰ ਉਨ੍ਹਾਂ ਦੇ ਦਿਲ ’ਚ ਕੁਝ ਹੋਰ ਹੀ ਹੈ। ਵਿਰੋਧੀ ਧਿਰ ਨੇ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਪ੍ਰੱਗਿਆ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਤੋਂ ਸਾਬਤ ਹੁੰਦਾ ਹੈ ਕਿ ਉਹ ਵੀ ਗੋਡਸੇ ਦੇ ਵਿਚਾਰਾਂ ਨੂੰ ਹਮਾਇਤ ਦਿੰਦੇ ਹਨ। ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ,‘‘ਕਾਂਗਰਸ ਦੇ ਹਜ਼ਾਰਾਂ ਮੈਂਬਰਾਂ ਨੇ ਦੇਸ਼ ਸੇਵਾ ਕਰਦਿਆਂ ਆਪਣੀਆਂ ਜਾਨਾਂ ਦੇ ਦਿੱਤੀਆਂ। ਉਹ ਅਜਿਹੀਆਂ ਗੱਲਾਂ ਕਿਵੇਂ ਆਖ ਸਕਦੀ ਹੈ, ਉਹ ਵੀ ਸਦਨ ਦੇ ਅੰਦਰ। ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ।’’ ਕਾਂਗਰਸ, ਡੀਐੱਮਕੇ, ਐੱਨਸੀਪੀ, ਆਰਜੇਡੀ, ਆਈਯੂਐੱਮਐੱਲ ਸਮੇਤ ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਮੂਹਰੇ ਨਿੰਦਾ ਮਤਾ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ। ਮਤੇ ਤਹਿਤ ਆਖਿਆ ਜਾਵੇਗਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਨਿਰਾਦਰ ਕਰਨ ਲਈ ਪ੍ਰੱਗਿਆ ਸਿੰਘ ਠਾਕੁਰ ਦੀ ਸਦਨ ਨਿੰਦਾ ਕਰਦਾ ਹੈ। ਮੈਂਬਰ ਨੂੰ ਸਦਨ ’ਚੋਂ ਹਟਾਉਣ ਲਈ ਕਿਹਾ ਜਾਵੇਗਾ ਅਤੇ ਮੁਆਫ਼ੀ ਮੰਗੇ ਜਾਣ ਮਗਰੋਂ ਹੀ ਉਸ ਨੂੰ ਬਹਾਲ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਕਾਂਗਰਸ ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਵੱਲੋਂ ਪਾਰਟੀ ਨੂੰ ‘ਅਤਿਵਾਦੀ ਪਾਰਟੀ’ ਆਖੇ ਜਾਣ ਤੋਂ ਵੀ ਨਾਰਾਜ਼ ਹੈ ਅਤੇ ਉਸ ਨੇ ਪ੍ਰੱਗਿਆ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।