ਭਾਰਤੀ ਤੀਰਅੰਦਾਜ਼ਾਂ ਨੇ ਅਤਨੂ ਦਾਸ ਦੀ ਅਗਵਾਈ ਵਿੱਚ ਅੱਜ ਇੱਥੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ, ਜਦਕਿ ਘੱਟ ਤੋਂ ਘੱਟ ਤਿੰਨ ਚਾਂਦੀ ਦੇ ਤਗ਼ਮੇ ਪੱਕੇ ਕੀਤੇ। ਭਾਰਤੀ ਤੀਰਅੰਦਾਜ਼ੀ ਫੈਡਰੇਸ਼ਨ ਦੀ ਮੁਅੱਤਲੀ ਕਾਰਨ ਭਾਰਤ ਦੇ ਖਿਡਾਰੀ ਵਿਸ਼ਵ ਤੀਰਅੰਦਾਜ਼ੀ ਫੈਡਰੇਸ਼ਨ ਦੇ ਝੰਡੇ ਹੇਠ ਖੇਡ ਰਹੇ ਹਨ। ਅਤਨੂ ਦਾਸ ਨੇ ਸਭ ਤੋਂ ਪਹਿਲਾਂ ਪੁਰਸ਼ਾਂ ਦੇ ਰਿਕਰਵ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਕਾਂਸੀ ਦੇ ਤਗ਼ਮੇ ਦੇ ਸ਼ੂਟ-ਆਫ ਮੁਕਾਬਲੇ ਵਿੱਚ ਕੋਰੀਆ ਦੇ ਜਿਨ ਹੇਯਕ ਓਹ ਨੂੰ 6-5 ਨਾਲ ਹਰਾਇਆ। ਉਸ ਨੇ ਸੋਮਵਾਰ ਨੂੰ ਦੀਪਿਕਾ ਕੁਮਾਰੀ ਨਾਲ ਮਿਲ ਕੇ ਰਿਕਰਵ ਮਿਕਸਡ ਟੀਮ ਅਤੇ ਫਿਰ ਪੁਰਸ਼ ਰਿਕਰਵ ਟੀਮ ਵਿੱਚ ਤਗ਼ਮਾ ਹਾਸਲ ਕਰਕੇ ਕਾਂਸੀ ਦੇ ਤਗ਼ਮਿਆਂ ਦੀ ਹੈਟ੍ਰਿਕ ਪੂਰੀ ਕੀਤੀ। ਅਤਨੂ ਦਾਸ ਨੇ ਸੀਨੀਅਰ ਖਿਡਾਰੀ ਤਰੁਣਦੀਪ ਰਾਏ ਅਤੇ ਜੈਅੰਤ ਤਾਲੁਕਦਾਰ ਨਾਲ ਮਿਲ ਕੇ ਕਾਂਸੀ ਦੇ ਤਗ਼ਮੇ ਮੁਕਾਬਲੇ ਵਿੱਚ ਚੀਨ ਨੂੰ 6-2 ਨਾਲ ਪਛਾੜਿਆ।
ਦੀਪਿਕਾ ਕੁਮਾਰੀ, ਲੇਸ਼ਵਰਾਮ ਬੰਬੇਲਾ ਦੇਵੀ ਅਤੇ ਅੰਕਿਤਾ ਭਗਤ ਦੀ ਰਿਕਰਵ ਮਹਿਲਾ ਟੀਮ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਦੀ ਇਹ ਟੀਮ ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਕੋਰੀਆ ਤੋਂ 2-6 ਨਾਲ ਹਾਰ ਗਈ ਸੀ। ਭਾਰਤ ਦੇ ਤਿੰਨ ਤੀਰ-ਅੰਦਾਜ਼ ਕੰਪਾਊਂਡ ਵਰਗ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੇ। ਫਾਈਨਲ ਬੁੱਧਵਾਰ ਨੂੰ ਖੇਡਿਆ ਜਾਵੇਗਾ। ਅਭਿਸ਼ੇਕ ਵਰਮਾ, ਰਜਤ ਚੌਹਾਨ ਅਤੇ ਮੋਹਨ ਭਾਰਦਵਾਜ ਦੀ ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਇਰਾਨ ਨੂੰ 229-221 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ, ਜਿੱਥੇ ਉਸ ਦਾ ਸਾਹਮਣਾ ਕੋਰੀਆ ਨਾਲ ਹੋਵੇਗਾ। ਜੋਤੀ ਸੁਰੇਖਾ ਵੇਨੱਮ, ਮੁਸਕਾਨ ਕਿਰਾਰ ਅਤੇ ਪ੍ਰਿਯਾ ਗੁਰਜਰ ਨੇ ਵੀ ਇਰਾਨ ਨੂੰ 227-221 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਖ਼ਿਤਾਬੀ ਮੁਕਾਬਲੇ ਵਿੱਚ ਉਸ ਦਾ ਸਾਹਮਣਾ ਕੋਰੀਆ ਨਾਲ ਹੋਵੇਗਾ। ਵਰਮਾ ਅਤੇ ਜੋਤੀ ਦੀ ਕੰਪਾਊਂਡ ਮਿਕਸਡ ਜੋੜੀ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ, ਜਿਸ ਦਾ ਫਾਈਨਲ ਵਿੱਚ ਮੁਕਾਬਲਾ ਚੀਨੀ ਤਾਇਪੈ ਨਾਲ ਹੋਵੇਗਾ।
Sports ਤਿੰਨ ਭਾਰਤੀ ਤੀਰਅੰਦਾਜ਼ਾਂ ਨੇ ਫੁੰਡੀ ਕਾਂਸੀ