ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਭਲਕੇ 27 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਤੋਂ ਕੁਝ ਸਮਾਂ ਪਹਿਲਾਂ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਅਹੁਦੇਦਾਰਾਂ ਵਾਸਤੇ ਉਮੀਦਵਾਰ ਚੁਣਨ ਦੇ ਸਮੁੱਚੇ ਹੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਹਨ।
ਅੱਜ ਸ਼ਾਮ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸੌ ਤੋਂ ਵੱਧ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਲਗਪਗ ਡੇਢ ਘੰਟਾ ਚੱਲੀ ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵਾਸਤੇ ਉਮੀਦਵਾਰਾਂ ਦੀ ਚੋਣ ਕਰਨ ਦੇ ਸਮੁੱਚੇ ਹੱਕ ਸ੍ਰੀ ਬਾਦਲ ਨੂੰ ਸੌਂਪ ਦਿੱਤੇ ਗਏ। ਮੀਟਿੰਗ ਵਿਚ ਇਸ ਸਬੰਧੀ ਇਹ ਪ੍ਰਸਤਾਵ ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ ਵਲੋਂ ਪੇਸ਼ ਕੀਤਾ ਗਿਆ, ਜਿਸ ਦਾ ਸਮੂਹ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਸਮਰਥਨ ਕੀਤਾ।
ਸ੍ਰੀ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਫ਼ਲਤਾ ਲਈ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਹਾਊਸ ਦੀ ਸ਼ਲਾਘਾ ਕੀਤੀ। ਉਨ੍ਹਾਂ ਅਹੁਦੇਦਾਰਾਂ ਲਈ ਉਮੀਦਵਾਰ ਚੁਣਨ ਦੇ ਹੱਕ ਦੇਣ ਤੇ ਭਰੋਸਾ ਪ੍ਰਗਟਾਉਣ ਲਈ ਸਮੂਹ ਆਗੂਆਂ ਦਾ ਧੰਨਵਾਦ ਕੀਤਾ।
ਡਾ. ਦਲਜੀਤ ਸਿੰਘ ਚੀਮਾ ਨੇ ਪੁਸ਼ਟੀ ਕੀਤੀ ਕਿ ਮੀਟਿੰਗ ਦੌਰਾਨ ਸਮੁੱਚੇ ਅਹੁਦੇਦਾਰਾਂ ਵਾਸਤੇ ਉਮੀਦਵਾਰ ਚੁਣਨ ਦੇ ਹੱਕ ਪਾਰਟੀ ਪ੍ਰਧਾਨ ਨੂੰ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਵਾਸਤੇ ਜਨਰਲ ਇਜਲਾਸ ਭਲਕੇ 27 ਨਵੰਬਰ ਨੂੰ ਦੁਪਹਿਰ ਇਕ ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼ੁਰੂ ਹੋਵੇਗਾ, ਜਿਸ ਵਿਚ 2019-20 ਵਾਸਤੇ ਸਿੱਖ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਹੋਵੇਗੀ। ਮੌਜੂਦਾ ਸਦਨ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਮਤ ਹੈ ਅਤੇ ਹੁਣ ਤਕ ਕਿਸੇ ਵਿਰੋਧੀ ਧਿਰ ਵਲੋਂ ਇਸ ਚੋਣ ਵਾਸਤੇ ਆਪਣਾ ਉਮੀਦਵਾਰ ਖੜ੍ਹਾ ਕਰਨ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜੇ ਕੋਈ ਉਮੀਦਵਾਰ ਵਿਰੋਧ ਵਿਚ ਮੈਦਾਨ ਵਿਚ ਉਤਰਦਾ ਹੈ ਤਾਂ ਫਿਰ ਵੋਟ ਪਰਚੀ ਦੀ ਵਰਤੋਂ ਹੋਵੇਗੀ।
INDIA ਸ਼੍ਰੋਮਣੀ ਕਮੇਟੀ ਇਜਲਾਸ: ਅਕਾਲੀ ਦਲ ਨੇ ਅਹੁਦੇਦਾਰ ਚੁਣਨ ਦੇ ਅਧਿਕਾਰ ਸੁਖਬੀਰ ਨੂੰ...