ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਵਾਰਡ ਡਿਵੈਲਪਮੈਂਟ ਫੰਡ ਦੇ ਮਾਮਲੇ ਨੂੰ ਲੈ ਕੇ ਅੱਜ ਖੂਬ ਹੰਗਾਮਾ ਹੋਇਆ। ਇਸ ਦੌਰਾਨ ਮੇਅਰ ਰਾਜੇਸ਼ ਕਾਲੀਆ ਦੀ ਕਾਂਗਰਸੀ ਕੌਂਸਲਰਾਂ ਨਾਲ ਕਈ ਵਾਰ ਤਿੱਖੀ ਬਹਿਸ ਹੋਈ ਜਦੋਂ ਕਿ ਭਾਜਪਾ ਕੌਂਸਲਰਾਂ ਨੇ ਮੇਅਰ ਦਾ ਬਚਾਅ ਕਰਦੇ ਹੋਏ ਕਾਂਗਰਸੀ ਕੌਂਸਲਰਾਂ ਨੂੰ ਘੇਰਿਆ।
ਮੀਟਿੰਗ ਦੌਰਾਨ ਕਾਂਗਰਸ ਸੇਵਾਦਾਰ ਦਲ ਦੇ ਆਗੂ ਦਵਿੰਦਰ ਸਿੰਘ ਬਬਲਾ ਅਤੇ ਰਵਿੰਦਰ ਕੌਰ ਗੁਜਰਾਲ ਨੇ ਕਿਹਾ ਕਿ ਵਾਰਡ ਫੰਡ 40 ਲੱਖ ਤੋਂ ਵਧਾ ਕੇ 80 ਲੱਖ ਰੁਪਏ ਕਰ ਦਿੱਤਾ ਗਿਆ ਹੈ ਪਰ ਇਸ ਦੀ ਜਾਣਕਾਰੀ ਕਿਸੇ ਵੀ ਕੌਂਸਲਰ ਨੂੰ ਨਹੀਂ ਦਿੱਤੀ ਗਈ। ਇਸ ਸਬੰਧ ਵਿੱਚ ਭਾਜਪਾ ਕੌਂਸਲਰਾਂ ਨੇ ਕਿਹਾ ਕਿ ਜਿਸ ਸਮੇਂ ਬਜਟ ਪਾਸ ਕੀਤਾ ਗਿਆ ਸੀ ਉਸ ਸਮੇਂ ਹੀ ਵਾਰਡ ਫੰਡ ਦੁੱਗਣਾ ਕਰ ਦਿੱਤਾ ਗਿਆ ਸੀ। ਇਸ ਮਗਰੋਂ ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਬੇਸ਼ੱਕ ਵਾਰਡ ਫੰਡ ਦੁੱਗਣਾ ਕਰ ਦਿੱਤਾ ਗਿਆ ਹੈ ਪਰ ਜੋ ਵੀ ਕੰਮ ਅਧਿਕਾਰੀਆਂ ਨੂੰ ਦੱਸੇ ਜਾਂਦੇ ਹਨ, ਉਹ ਵਿੱਤੀ ਸੰਕਟ ਦਾ ਹਵਾਲਾ ਦੇ ਕੇ ਨਹੀਂ ਕੀਤੇ ਜਾਂਦੇ। ਇਸੇ ਦੌਰਾਨ ਕੌਂਸਲਰ ਰਵਿੰਦਰ ਕੌਰ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਦੀ ਗਰੀਨ ਬੈਲਟ ਵਿੱਚ ਜੋ ਪਬਲਿਕ ਪਖਾਨੇ ਬਣੇ ਹੋਏ ਹਨ, ਉਨ੍ਹਾਂ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਹੈ। ਇਸ ਸਬੰਧ ਵਿੱਚ ਮੇਅਰ ਰਾਜੇਸ਼ ਕਾਲੀਆ ਨੇ ਕਿਹਾ ਕਿ ਜੋ ਵੀ ਕਾਂਗਰਸੀ ਕੌਂਸਲਰਾਂ ਦੇ ਵਾਰਡ ਵਿੱਚ ਕੰਮ ਪੈਂਡਿੰਗ ਪਏ ਹਨ, ਉਹ ਕਾਂਗਰਸੀ ਕੌਂਸਲਰਾਂ ਨੇ ਹੀ ਕਰਵਾਉਣੇ ਹਨ। ਉਹ ਕੰਮ ਮੇਅਰ ਨੇ ਨਹੀਂ ਕਰਵਾਉਣੇ ਹੁੰਦੇ।
INDIA ਨਿਗਮ ਮੀਟਿੰਗ ਦੌਰਾਨ ਵਾਰਡ ਵਿਕਾਸ ਫੰਡਾਂ ਨੂੰ ਲੈ ਕੇ ਹੰਗਾਮਾ